ਖੰਡ ਉਤਪਾਦਨ 13 ਫੀਸਦੀ ਵੱਧ ਕੇ 3.1 ਕਰੋੜ ਟਨ ਹੋਣ ਦੀ ਉਮੀਦ : ਇਸਮਾ

10/19/2020 8:40:38 PM

ਨਵੀਂ ਦਿੱਲੀ— ਭਾਰਤ ਦਾ ਖੰਡ ਉਤਪਾਦਨ ਚਾਲੂ ਮਹੀਨੇ ਤੋਂ ਸ਼ੁਰੂ ਹੋਣ ਵਾਲੇ 2020-21 ਦੇ ਮਾਰਕੀਟਿੰਗ ਸੈਸ਼ਨ 'ਚ 13 ਫੀਸਦੀ ਵੱਧ ਕੇ 3.1 ਕਰੋੜ ਟਨ ਹੋਣ ਦਾ ਅੰਦਾਜ਼ਾ ਹੈ। ਉਦਯੋਗ ਸੰਗਠਨ ਭਾਰਤੀ ਖੰਡ ਮਿੱਲ ਸੰਘ (ਇਸਮਾ) ਮੁਤਾਬਕ, ਗੰਨੇ ਦੀ ਜ਼ਿਆਦਾ ਪੈਦਾਵਾਰ ਨਾਲ ਖੰਡ ਉਤਪਾਦਨ ਕਾਫ਼ੀ ਉੱਚਾ ਰਹੇਗਾ।

ਇਸਮਾ ਨੇ ਕਿਹਾ ਕਿ ਈਥਾਨੋਲ ਉਤਪਾਦਨ ਲਈ ਗੰਨੇ ਦਾ ਰਸ ਅਤੇ 'ਬੀ' ਸ਼ੀਰੇ ਦੇ ਲਗਭਗ 20 ਲੱਖ ਟਨ ਨੂੰ ਵੱਖ ਕਰਨ ਦੀ ਸੰਭਾਵਨਾ ਨੂੰ ਧਿਆਨ 'ਚ ਰੱਖਦੇ ਹੋਏ ਮੌਜੂਦਾ ਉਤਪਾਦਨ ਦਾ ਅੰਦਾਜ਼ਾ ਲਗਾਇਆ ਗਿਆ ਹੈ। ਸਾਲ 2019-20 ਸੈਸ਼ਨ (ਅਕਤੂਬਰ-ਸਤੰਬਰ) 'ਚ ਖੰਡ ਦਾ ਉਤਪਾਦਨ 2 ਕਰੋੜ 74.2 ਲੱਖ ਟਨ ਅਤੇ ਈਥਾਨੋਲ ਉਤਪਾਦਨ ਲਈ ਗੰਨਾ ਰਸ ਅਤੇ ਸ਼ੀਰੇ ਨੂੰ ਵੱਖ ਕੀਤੇ ਜਾਣ ਦੀ ਮਾਤਰਾ ਲਗਭਗ ਅੱਠ ਲੱਖ ਟਨ ਰਹੀ।

2020-21 ਦੇ ਮਾਰਕੀਟਿੰਗ ਸੈਸ਼ਨ 'ਚ ਉਤਪਾਦਨ ਜ਼ਿਆਦਾ ਹੋਣ ਦੇ ਅੰਦਾਜ਼ੇ ਦੇ ਮੱਦੇਨਜ਼ਰ ਇਸਮਾ ਨੇ ਕਿਹਾ ਕਿ ਭਾਰਤ ਨੂੰ ਇਸ ਸੈਸ਼ਨ 'ਚ ਲਗਭਗ 60 ਲੱਖ ਟਨ ਵਾਧੂ ਖੰਡ ਦੀ ਬਰਾਮਦ ਕਰਨੀ ਹੋਵੇਗੀ। ਪਹਿਲੇ ਅਗਾਊਂ ਅਨੁਮਾਨ ਮੁਤਾਬਕ, ਦੇਸ਼ ਦੇ ਸਭ ਤੋਂ ਵੱਡੇ ਖੰਡ ਉਤਪਾਦਕ ਉੱਤਰ ਪ੍ਰਦੇਸ਼ 'ਚ ਖੰਡ ਦਾ ਉਤਪਾਦਨ ਮੌਜੂਦਾ 2020-21 ਸੈਸ਼ਨ 'ਚ 1 ਕਰੋੜ 24.5 ਲੱਖ ਟਨ ਤੋਂ ਥੋੜ੍ਹਾ ਘੱਟ ਰਹੇਗਾ, ਜਦੋਂ ਕਿ ਪਿਛਲੇ ਸੈਸ਼ਨ 'ਚ ਇਹ ਉਤਪਾਦਨ 1 ਕਰੋੜ 26.3 ਲੱਖ ਟਨ ਸੀ।


ਹਾਲਾਂਕਿ, ਦੇਸ਼ ਦੇ ਦੂਜੇ ਸਭ ਤੋਂ ਵੱਡੇ ਖੰਡ ਉਤਪਾਦਕ ਮਹਾਰਾਸ਼ਟਰ 'ਚ ਖੰਡ ਦਾ ਉਤਪਾਦਨ 61.6 ਲੱਖ ਟਨ ਤੋਂ ਵੱਧ ਕੇ 1 ਕਰੋੜ 8 ਲੱਖ ਟਨ ਹੋਣ ਦਾ ਅੰਦਾਜ਼ਾ ਹੈ। ਇਸੇ ਤਰ੍ਹਾਂ ਤੀਜੇ ਸਭ ਤੋਂ ਵੱਡੇ ਖੰਡ ਉਤਪਾਦਕ ਕਰਨਾਟਕ 'ਚ 46 ਲੱਖ ਟਨ ਹੋਣ ਦਾ ਅੰਦਾਜ਼ਾ ਹੈ, ਜੋ ਪਿਛਲੇ ਸਾਲ 34.9 ਲੱਖ ਟਨ ਰਿਹਾ ਸੀ। ਤਾਮਿਲਨਾਡੂ ਵਿਚ ਖੰਡ ਦਾ ਉਤਪਾਦਨ ਸਾਲ 2020-21 'ਚ 7,51,000 ਟਨ ਹੋਣ ਦਾ ਅਨੁਮਾਨ ਹੈ, ਜੋ ਕਿ ਸਾਲ 2019-20 ਦੇ ਸੀਜ਼ਨ ਦੇ ਬਰਾਬਰ ਹੀ ਹੈ, ਜਦੋਂ ਕਿ ਇਸੇ ਸਮੇਂ ਦੌਰਾਨ ਗੁਜਰਾਤ 'ਚ ਉਤਪਾਦਨ ਪਿਛਲੇ 9,32,000 ਟਨ ਤੋਂ ਵਧ ਕੇ 10,81,000 ਟਨ ਹੋਣ ਦੀ ਉਮੀਦ ਹੈ। ਇਸਮਾ ਨੇ ਕਿਹਾ ਕਿ ਖੰਡ ਸੀਜ਼ਨ 2020-21 'ਚ ਸਾਂਝੇ ਤੌਰ 'ਤੇ ਦੂਜੇ ਸੂਬਿਆਂ ਵੱਲੋਂ ਲਗਭਗ 33,28,000 ਟਨ ਖੰਡ ਦਾ ਉਤਪਾਦਨ ਕੀਤੇ ਜਾਣ ਦੀ ਉਮੀਦ ਹੈ, ਜੋ ਲਗਭਗ ਪਿਛਲੇ ਸੈਸ਼ਨ ਜਿੰਨਾ ਹੀ ਹੈ।

Sanjeev

This news is Content Editor Sanjeev