ਗੰਨਾ ਪਿੜਾਈ 'ਚ ਦੇਰੀ, ਇਸ ਸੀਜ਼ਨ 'ਚ ਮਹਿੰਗੀ ਹੋ ਸਕਦੀ ਹੈ ਖੰਡ

11/21/2019 12:21:21 PM

ਮੁੰਬਈ— ਇਸ ਵਾਰ ਖੰਡ ਕੀਮਤਾਂ 'ਚ ਵਾਧਾ ਹੋ ਸਕਦਾ ਹੈ। ਇਸ ਦਾ ਕਾਰਨ ਹੈ ਕਿ ਦੋ ਪ੍ਰਮੁੱਖ ਖੰਡ ਉਤਪਾਦਕ ਰਾਜਾਂ- ਮਹਾਰਾਸ਼ਟਰ ਤੇ ਕਰਨਾਟਕ 'ਚ ਪਿੜਾਈ 'ਚ ਦੇਰੀ ਕਾਰਨ ਮੌਜੂਦਾ ਸੀਜ਼ਨ 'ਚ 15 ਨਵੰਬਰ ਤਕ ਘਰੇਲੂ ਖੰਡ ਉਤਪਾਦਨ ਲਗਭਗ 65 ਫੀਸਦੀ ਘੱਟ ਕੇ 4,85,000 ਟਨ ਰਹਿ ਗਿਆ ਹੈ। ਭਾਰਤੀ ਖੰਡ ਮਿਲ ਸੰਘ (ਇਸਮਾ) ਮੁਤਾਬਕ ਪਿਛਲੇ ਸਾਲ ਇਸ ਮਿਆਦ ਦੌਰਾਨ ਖੰਡ ਉਤਪਾਦਨ 13.40 ਲੱਖ ਦੇ ਪੱਧਰ 'ਤੇ ਸੀ। ਇਸ ਤੋਂ ਇਲਾਵਾ ਮਿੱਲਾਂ ਨੇ 14 ਲੱਖ ਟਨ ਖੰਡ ਬਰਾਮਦ ਕਰਨ ਦੇ ਵੀ ਸੌਦੇ ਕੀਤੇ ਹੋਏ ਹਨ, ਜਿਸ 'ਚੋਂ ਦੋ ਲੱਖ ਟਨ ਖੰਡ ਦੀ ਖੇਪ ਭੇਜੀ ਜਾ ਚੁੱਕੀ ਹੈ।



ਮਹਾਰਾਸ਼ਟਰ ਤੇ ਕਰਨਾਟਕ 'ਚ ਖੰਡ ਉਤਪਾਦਨ 'ਚ ਕਮੀ ਦੀ ਵਜ੍ਹਾ ਹੜ੍ਹ ਤੇ ਬੇਮੌਸਮੇ ਮੀਂਹ ਕਾਰਨ ਫਸਲ ਦਾ ਖਰਾਬ ਹੋਣਾ ਤੇ ਗੰਨੇ ਦੇ ਰਕਬੇ 'ਚ ਕਮੀ ਦੱਸਿਆ ਜਾ ਰਿਹਾ ਹੈ। ਸੂਬੇ 'ਚ ਕਈ ਮਿੱਲਾਂ ਨੇ ਹੁਣ ਤਕ ਪਿੜਾਈ ਸ਼ੁਰੂ ਨਹੀਂ ਕੀਤੀ ਹੈ। ਮਹਾਰਾਸ਼ਟਰ ਦੇ ਖੰਡ ਕਮਿਸ਼ਨਰ ਸ਼ੇਸ਼ਰ ਮੁਤਾਬਕ 22 ਨਵੰਬਰ ਤੋਂ ਸੂਬੇ ਦੀਆਂ 162 ਮਿਲਾਂ 'ਚ ਪਿੜਾਈ ਦਾ ਕੰਮ ਸ਼ੁਰੂ ਹੋਵੇਗਾ। ਉੱਤਰ ਪ੍ਰਦੇਸ਼ (ਯੂ. ਪੀ.) 'ਚ ਪਿਛਲੇ ਸੀਜ਼ਨ ਦੀ ਤਰ੍ਹਾਂ 69 ਮਿੱਲਾਂ ਨੇ ਪਿੜਾਈ ਸ਼ੁਰੂ ਕੀਤੀ ਹੈ।

ਹਾਲਾਂਕਿ ਯੂ. ਪੀ. ਮਿੱਲਾਂ ਨੇ 15 ਨਵੰਬਰ ਤਕ 2,93,000 ਟਨ ਖੰਡ ਕੱਢੀ ਹੈ, ਪਿਛਲੇ ਸਾਲ ਇਨ੍ਹਾਂ ਨੇ 1,76,000 ਟਨ ਉਤਪਾਦਨ ਕੀਤਾ ਸੀ। ਕਰਨਾਟਕ 'ਚ 15 ਨਵੰਬਰ ਤਕ 18 ਮਿੱਲਾਂ ਸਰਗਰਮ ਸਨ, ਜਦੋਂ ਕਿ ਪਿਛਲੇ ਸਾਲ ਇਸ ਦੌਰਾਨ 53 ਮਿੱਲਾਂ 'ਚ ਪਿੜਾਈ ਹੋ ਰਹੀ ਸੀ।
ਇਸਮਾ ਦੀ ਪਹਿਲੀ ਰਿਪੋਰਟ ਅਨੁਸਾਰ ਇਸ ਵਾਰ ਕੁੱਲ ਮਿਲਾ ਕੇ ਘਰੇਲੂ ਖੰਡ ਉਤਪਾਦਨ 20 ਫੀਸਦੀ ਘੱਟ 2.6 ਕਰੋੜ ਟਨ ਰਹਿਣ ਦੇ ਆਸਾਰ ਹਨ, ਜਦੋਂ ਕਿ 2018-19 'ਚ ਇਹ 3.3 ਕਰੋੜ ਟਨ ਤੋਂ ਜ਼ਿਆਦਾ ਸੀ। ਇਸ ਸਾਲ ਗੰਨੇ ਦਾ ਰਕਬਾ 48.3 ਲੱਖ ਹੈਕਟੇਅਰ ਰਹਿਣ ਦਾ ਅੰਦਾਜ਼ਾ ਹੈ। ਮੌਜੂਦਾ ਸੀਜ਼ਨ ਦੌਰਾਨ ਖੰਡ ਉਤਪਾਦਨ 'ਚ ਇਹ ਅੰਦਾਜ਼ਨ ਗਿਰਾਵਟ ਕੁਝ ਹੱਦ ਤੱਕ ਈਥਾਨੋਲ ਉਤਪਾਦਨ ਵਧਣ ਦੀ ਵਜ੍ਹਾ ਨਾਲ ਵੀ ਆਈ ਹੈ।


Related News