ਮਹਿੰਗੀ ਹੋਵੇਗੀ ਖੰਡ, MSP ਵਧਾ ਸਕਦੀ ਹੈ ਸਰਕਾਰ

02/12/2019 3:48:35 PM

ਨਵੀਂ ਦਿੱਲੀ— ਸਰਕਾਰ ਖੰਡ ਮਿੱਲਾਂ ਨੂੰ ਰਾਹਤ ਦੇਣ ਲਈ ਜਲਦ ਹੀ ਇਕ ਵੱਡਾ ਕਦਮ ਉਠਾ ਸਕਦੀ ਹੈ। ਖੰਡ ਦਾ ਘੱਟੋ-ਘੱਟ ਵਿਕਰੀ ਮੁੱਲ (ਐੱਮ. ਐੱਸ. ਪੀ.) 29 ਰੁਪਏ ਦੀ ਮੌਜੂਦਾ ਕੀਮਤ ਤੋਂ ਵਧਾ ਕੇ 31 ਰੁਪਏ ਪ੍ਰਤੀ ਕਿਲੋਗ੍ਰਾਮ ਕੀਤਾ ਜਾ ਸਕਦਾ ਹੈ। ਕਿਸਾਨਾਂ ਨੂੰ ਬਕਾਏ ਜਲਦ ਤੋਂ ਜਲਦ ਮਿਲ ਸਕਣ ਇਸ ਲਈ ਮਿੱਲਾਂ ਨੂੰ ਇਹ ਰਾਹਤ ਦਿੱਤੀ ਜਾ ਸਕਦੀ ਹੈ।

ਖੰਡ ਦਾ ਐੱਮ. ਐੱਸ. ਪੀ. ਉਹ ਮੁੱਲ ਹੈ ਜਿਸ ਤੋਂ ਘੱਟ ਕੀਮਤ 'ਤੇ ਮਿੱਲਾਂ ਤੋਂ ਖੰਡ ਨਹੀਂ ਖਰੀਦੀ ਜਾ ਸਕਦੀ। ਪਿਛਲੇ ਸਾਲ ਖੰਡ ਦੀਆਂ ਕੀਮਤਾਂ 'ਚ ਗਿਰਾਵਟ ਅਤੇ ਵਿਦੇਸ਼ੀ ਬਾਜ਼ਾਰਾਂ ਨੂੰ ਸਪਲਾਈ ਘੱਟ ਹੋਣ ਨਾਲ ਸ਼ੂਗਰ ਇੰਡਸਟਰੀ ਨੂੰ ਕਾਫੀ ਦਿੱਕਤ ਹੋਈ ਹੈ। ਲਿਹਾਜਾ ਮਿੱਲਾਂ ਲਗਾਤਾਰ ਖੰਡ ਦਾ ਐੱਮ. ਐੱਸ. ਪੀ. ਵਧਾਉਣ ਦੀ ਮੰਗ ਕਰ ਰਹੀਆਂ ਹਨ, ਤਾਂ ਕਿ ਗੰਨਾ ਕਿਸਾਨਾਂ ਦੀ ਪੇਮੈਂਟ ਕਰਨ 'ਚ ਆਸਾਨੀ ਹੋ ਸਕੇ।
ਸੂਤਰਾਂ ਮੁਤਾਬਕ ਸਰਕਾਰ ਮੌਜੂਦਾ ਐੱਮ. ਐੱਸ. ਪੀ. ਦੀ ਸਮੀਖਿਆ ਕਰੇਗੀ ਅਤੇ ਜਲਦ ਹੀ ਖੰਡ ਦੇ ਵਿਕਰੀ ਮੁੱਲ 'ਚ 2-3 ਰੁਪਏ ਦੇ ਵਾਧੇ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਨਾਲ ਪ੍ਰਚੂਨ ਬਾਜ਼ਾਰ 'ਚ ਵੀ ਖੰਡ ਮਹਿੰਗੀ ਹੋਵੇਗੀ। ਜ਼ਿਕਰਯੋਗ ਹੈ ਕਿ ਜੂਨ 2018 'ਚ ਸਰਕਾਰ ਨੇ ਮਿੱਲਾਂ ਨੂੰ ਰਾਹਤ ਦੇਣ ਲਈ 7,000 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ। ਉੱਥੇ ਹੀ ਸਫੈਦ ਖੰਡ ਦਾ ਐੱਮ. ਐੱਸ. ਪੀ. 29 ਰੁਪਏ ਪ੍ਰਤੀ ਕਿਲੋਗ੍ਰਾਮ ਨਿਰਧਾਰਤ ਕੀਤਾ ਸੀ। ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ 'ਚ ਮਿੱਲਾਂ ਸਿਰ ਕਿਸਾਨਾਂ ਦਾ ਲੱਖਾਂ ਰੁਪਏ ਬਕਾਇਆ ਹੈ। ਇਨ੍ਹਾਂ ਦੋਹਾਂ ਸੂਬਿਆਂ ਦਾ ਸਾਲਾਨਾ ਖੰਡ ਉਤਪਾਦਨ 'ਚ ਯੋਗਦਾਨ ਤਕਰੀਬਨ 50 ਫੀਸਦੀ ਹੈ। ਲਿਹਾਜਾ ਸਰਕਾਰ ਮਿੱਲਾਂ ਤੋਂ ਕਿਸਾਨਾਂ ਨੂੰ ਬਕਾਏ ਦਿਵਾਉਣ ਲਈ ਇਹ ਕਦਮ ਉਠਾ ਸਕਦੀ ਹੈ।