ਖੰਡ ਮਹਿੰਗੀ ਹੋਣ ਦਾ ਖਦਸ਼ਾ, ਮਿੱਲਾਂ ਲਈ MSP ਵਧਾ ਸਕਦੀ ਹੈ ਸਰਕਾਰ!

06/06/2020 7:16:17 PM

ਨਵੀਂ ਦਿੱਲੀ— ਖੰਡ ਆਉਣ ਵਾਲੇ ਦਿਨਾਂ 'ਚ ਮਹਿੰਗੀ ਹੋ ਸਕਦੀ ਹੈ ਕਿਉਂਕਿ ਸਰਕਾਰ ਖੰਡ ਦੇ ਘੱਟੋ-ਘੱਟ ਵਿਕਰੀ ਮੁੱਲ (ਐੱਮ. ਐੱਸ. ਪੀ.) 'ਚ 200 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰ ਸਕਦੀ ਹੈ। ਕਾਰੋਬਾਰੀ ਦੱਸਦੇ ਹਨ ਕਿ ਖੰਡ ਮਿੱਲਾਂ ਫਿਲਹਾਲ ਐੱਮ. ਐੱਸ. ਪੀ. ਵਧਣ ਦੇ ਇੰਤਜ਼ਾਰ 'ਚ ਹਨ। ਬਾਜ਼ਾਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਦੇਸ਼ ਦੀ ਰਾਜਧਾਨੀ ਦਿੱਲੀ 'ਚ ਬੀਤੇ 15 ਦਿਨਾਂ 'ਚ ਥੋਕ ਕੀਮਤਾਂ 'ਚ 150 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ ਹੈ।

ਦਿੱਲੀ 'ਚ ਇਸ ਸਮੇਂ ਖੰਡ ਦਾ ਥੋਕ ਮੁੱਲ 3,400-3,500 ਰੁਪਏ ਪ੍ਰਤੀ ਕੁਇੰਟਲ ਹੈ, ਜਦੋਂ ਕਿ ਪ੍ਰਚੂਨ ਮੁੱਲ 3,800-4,000 ਰੁਪਏ ਪ੍ਰਤੀ ਕੁਇੰਟਲ ਵਿਚਕਾਰ ਹੈ। ਉੱਥੇ ਹੀ, ਉੱਤਰ ਪ੍ਰਦੇਸ਼ ਦੀਆਂ ਨਿੱਜੀ ਖੰਡ ਮਿੱਲਾਂ ਦਾ ਐਕਸ ਮਿੱਲ ਰੇਟ ਐੱਮ-30 ਸਿੰਗਲ ਫਿਲਟਰ ਖੰਡ ਦਾ 3,200-3,300 ਰੁਪਏ, ਜਦੋਂ ਕਿ ਸਰਕਾਰੀ ਮਿੱਲਾਂ ਦੀ ਖੰਡ ਦਾ ਐਕਸ ਮਿੱਲ ਰੇਟ 3,150-3,170 ਰੁਪਏ ਪ੍ਰਤੀ ਕੁਇੰਟਲ ਹੈ।

ਫਿਲਹਾਲ ਖੰਡ ਦਾ MSP 3100 ਰੁ: ਪ੍ਰਤੀ ਕੁਇੰਟਲ
ਮੌਜੂਦਾ ਸਮੇਂ ਸਰਕਾਰ ਵੱਲੋਂ ਨਿਰਧਾਰਤ ਖੰਡ ਦਾ ਐੱਮ. ਐੱਸ. ਪੀ. 3,100 ਰੁਪਏ ਪ੍ਰਤੀ ਕੁਇੰਟਲ ਹੈ। ਜੇਕਰ ਇਸ 'ਚ 200 ਰੁਪਏ ਦਾ ਵਾਧਾ ਕੀਤਾ ਜਾਂਦਾ ਹੈ ਤਾਂ ਖੰਡ ਦਾ ਐੱਮ. ਐੱਸ. ਪੀ. 3,300 ਰੁਪਏ ਪ੍ਰਤੀ ਕੁਇੰਟਲ ਹੋ ਜਾਵੇਗਾ। ਮਤਲਬ, ਇਸ ਮੁੱਲ ਤੋਂ ਹੇਠਾਂ ਕੋਈ ਮਿੱਲ ਖੰਡ ਨਹੀਂ ਵੇਚੇਗੀ, ਲਿਹਾਜਾ ਆਉਣ ਵਾਲੇ ਦਿਨਾਂ 'ਚ ਖੰਡ ਮਹਿੰਗੀ ਹੋ ਸਕਦੀ ਹੈ। ਨੀਤੀ ਆਯੋਗ ਵੱਲੋਂ ਗਠਿਤ ਟਾਸਕ ਫੋਰਸ ਨੇ ਵੀ ਐੱਮ. ਐੱਸ. ਪੀ. 'ਚ 2 ਰੁਪਏ ਪ੍ਰਤੀ ਕਿਲੋ ਦੇ ਵਾਧੇ ਦੀ ਸਿਫਾਰਸ਼ ਕੀਤੀ ਹੈ।

ਇਸ ਲਈ ਹੋ ਸਕਦਾ ਹੈ ਵਾਧਾ-
ਜਾਣਕਾਰਾਂ ਦੱਸਦੇ ਹਨ ਕਿ ਖੰਡ ਦਾ ਐੱਮ. ਐੱਸ. ਪੀ. ਗੰਨੇ ਦੇ ਲਾਭਕਾਰੀ ਮੁੱਲ ਯਾਨੀ ਐੱਫ. ਆਰ. ਪੀ. ਦੇ ਅਨੁਸਾਰ ਨਿਰਧਾਰਤ ਹੁੰਦਾ ਹੈ। ਇਸ ਲਈ ਖੇਤੀ ਲਾਗਤ ਤੇ ਮੁੱਲ ਕਮਿਸ਼ਨ ਯਾਨੀ ਸੀ. ਏ. ਸੀ. ਪੀ. ਵੱਲੋਂ ਗੰਨੇ ਦੇ ਐੱਫ. ਆਰ. ਪੀ. 'ਚ ਵਾਧੇ ਨੂੰ ਜੇਕਰ ਸਰਕਾਰ ਮਨਜ਼ੂਰੀ ਦਿੰਦੀ ਹੈ ਤਾਂ ਐੱਮ. ਐੱਸ. ਪੀ. 'ਚ ਵੀ ਵਾਧਾ ਪੱਕਾ ਹੈ। ਦਿੱਲੀ ਦੇ ਇਕ ਕਾਰੋਬਾਰੀ ਦਾ ਕਹਿਣਾ ਹੈ ਕਿ ਇਹੀ ਕਾਰਨ ਹੈ ਕਿ ਖੰਡ ਮਿੱਲਾਂ ਅਜੇ ਐੱਮ. ਐੱਸ. ਪੀ. 'ਚ ਵਾਧੇ ਦਾ ਇੰਤਜ਼ਾਰ ਕਰ ਰਹੀਆਂ ਹਨ ਅਤੇ ਚਾਲੂ ਮਹੀਨੇ ਦਾ ਕੋਟਾ ਜਲਦ ਕੱਢਣ 'ਚ ਦਿਲਚਸਪੀ ਨਹੀਂ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਚਾਲੂ ਮਹੀਨੇ ਖੰਡ ਮਿੱਲਾਂ ਨੂੰ ਵਿਕਰੀ ਲਈ 18.5 ਲੱਖ ਟਨ ਦਾ ਕੋਟਾ ਤੈਅ ਕੀਤਾ ਗਿਆ ਹੈ। ਓਧਰ ਹੁਣ ਹੋਟਲ, ਰੈਸਟੋਰੈਂਟ ਅਤੇ ਕੈਂਟੀਨ ਨੂੰ ਖੋਲ੍ਹਣ ਦੀ ਇਜਾਜ਼ਤ ਮਿਲ ਚੁੱਕੀ ਹੈ, ਜਿਸ ਕਾਰਨ ਖੰਡ ਦੀ ਮੰਗ 'ਚ ਥੋੜ੍ਹਾ ਵਾਧਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ, ਜਿਸ ਨਾਲ ਕੀਮਤਾਂ 'ਚ ਹਲਕੀ ਤੇਜ਼ੀ ਰਹਿ ਸਕਦੀ ਹੈ। ਹਾਲ ਹੀ 'ਚ ਖੰਡ ਮਿੱਲਾਂ ਦੇ ਸੰਗਠਨ ਭਾਰਤੀ ਖੰਡ ਮਿੱਲ ਸੰਘ ਯਾਨੀ ਇਸਮਾ ਵੱਲੋਂ ਜਾਰੀ ਉਤਪਾਦਨ ਅਨੁਮਾਨਾਂ ਮੁਤਾਬਕ ਦੇਸ਼ 'ਚ ਇਸ ਸਾਲ ਖੰਡ ਦਾ ਉਤਪਾਦਨ 270 ਲੱਖ ਟਨ ਰਹਿ ਸਕਦਾ ਹੈ।

Sanjeev

This news is Content Editor Sanjeev