ਸਰਕਾਰ ਦੀ ਇਸ ਸਕੀਮ 'ਚ 2.30 ਲੱਖ ਰੁ: ਸਸਤਾ ਪਵੇਗਾ ਹੋਮ ਲੋਨ

10/12/2019 3:28:09 PM

ਬਿਜ਼ਨੈੱਸ ਡੈਸਕ— ਪੀ. ਐੱਮ. ਨਰਿੰਦਰ ਮੋਦੀ ਸਰਕਾਰ ਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਤਹਿਤ ਘਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਘਰ ਦੀ ਭਾਲ ਸ਼ੁਰੂ ਕਰਨ ਦਾ ਇਹ ਬਿਲਕੁਲ ਸਹੀ ਸਮਾਂ ਹੋ ਸਕਦਾ ਹੈ। ਇਹ ਕ੍ਰੈਡਿਟ ਲਿੰਕਡ ਸਬਸਿਡੀ ਸਕੀਮ (ਸੀ. ਐੱਲ. ਐੱਸ. ਐੱਸ.) ਹੈ, ਜਿਸ ਤਹਿਤ ਘਰ ਖਰੀਦਦਾਰਾਂ ਨੂੰ ਲੋਨ 'ਤੇ ਸਬਸਿਡੀ ਮਿਲਦੀ ਹੈ। ਮਿਡਲ ਇਨਕਮ ਗਰੁੱਪ ਲਈ ਇਹ ਸਕੀਮ 31 ਮਾਰਚ 2020 ਤਕ ਲਈ ਹੀ ਉਪਲੱਬਧ ਹੈ, ਯਾਨੀ ਇਸ ਦੇ ਸਮਾਪਤ ਹੋਣ 'ਚ ਲਗਭਗ 180 ਦਿਨ ਹੀ ਹਨ। ਇਸ ਸਕੀਮ ਦਾ ਫਾਇਦਾ ਉਠਾ ਕੇ ਤੁਸੀਂ ਲਗਭਗ 2.30 ਲੱਖ ਰੁਪਏ ਦਾ ਖਰਚ ਪੱਲਿਓਂ ਹੋਣਾ ਬਚਾ ਸਕਦੇ ਹੋ।


ਸਰਕਾਰ ਇਸ ਸਕੀਮ ਤਹਿਤ ਦੋ ਕੈਟਾਗਿਰੀ ਦੇ ਗਰੁੱਪਾਂ ਨੂੰ ਲੋਨ 'ਤੇ ਸਬਸਿਡੀ ਦਿੰਦੀ ਹੈ। ਜਿਨ੍ਹਾਂ ਦੀ ਸਲਾਨਾ ਆਮਦਨ 6 ਲੱਖ ਤੋਂ 12 ਲੱਖ ਰੁਪਏ ਵਿਚਕਾਰ ਹੈ, ਉਹ ਮਿਡਲ ਇਨਕਮ ਗਰੁੱਪ-1 (ਐੱਮ. ਆਈ. ਜੀ.-1) 'ਚ ਆਉਂਦੇ ਹਨ। ਉੱਥੇ ਹੀ, 12 ਲੱਖ ਤੋਂ 18 ਲੱਖ ਰੁਪਏ ਦੀ ਸਲਾਨਾ ਆਮਦਨ ਵਾਲੇ ਲੋਕਾਂ ਲਈ ਕੈਟਾਗਿਰੀ ਮਿਡਲ ਇਨਕਮ ਗਰੁੱਪ-2 (ਐੱਮ. ਆਈ. ਜੀ.-2) ਬਣਾਈ ਗਈ ਹੈ। 'ਐੱਮ. ਆਈ. ਜੀ.-1' 'ਚ ਵੱਧ ਤੋਂ ਵੱਧ 2.35 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ, ਜਦੋਂ ਕਿ ਦੂਜੀ ਕੈਟਾਗਿਰੀ 'ਚ ਇਹ ਸਬਸਿਡੀ 2.30 ਲੱਖ ਰੁਪਏ ਤਕ ਮਿਲਦੀ ਹੈ।

PunjabKesari



ਕਿਵੇਂ ਕੰਮ ਕਰਦੀ ਹੈ ਸਕੀਮ
MIG–I ਕੈਟਾਗਿਰੀ 'ਚ 4 ਫੀਸਦੀ ਇੰਟਰਸਟ ਸਬਸਿਡੀ ਦਿੱਤੀ ਜਾਂਦੀ ਹੈ, ਬਸ਼ਰਤੇ ਲੋਨ ਦੀ ਰਕਮ 9 ਲੱਖ ਰੁਪਏ ਤੋਂ ਉਪਰ ਨਾ ਹੋਵੇ। ਇਸੇ ਤਰ੍ਹਾਂ MIG-II 'ਚ 12 ਲੱਖ ਰੁਪਏ ਦੇ ਲੋਨ 'ਤੇ 3 ਫੀਸਦੀ ਇੰਟਰਸਟ ਸਬਸਿਡੀ ਮਿਲਦੀ ਹੈ। ਹਾਲਾਂਕਿ, ਤੁਸੀਂ ਚਾਹੋ ਤਾਂ ਬੈਂਕ ਤੋਂ ਲੋਨ ਵੱਧ ਵੀ ਲੈ ਸਕਦੇ ਹੋ ਪਰ ਸਰਕਾਰ ਵੱਲੋਂ ਇੰਟਰਸਟ ਸਬਸਿਡੀ ਮਿੱਥੀ ਗਈ ਰਕਮ ਤਕ ਹੀ ਮਿਲੇਗੀ। ਉਦਾਹਰਣ ਦੇ ਤੌਰ 'ਤੇ ਮੰਨ ਲਓ ਕਿ ਕੋਈ ਸ਼ਖਸ MIG-II ਕੈਟਾਗਿਰੀ 'ਚ ਬੈਂਕ ਤੋਂ 36 ਲੱਖ ਰੁਪਏ ਦਾ ਹੋਮ ਲੋਨ ਚਾਹੁੰਦਾ ਹੈ ਤਾਂ ਇਸ ਮਾਮਲੇ 'ਚ 3 ਫੀਸਦੀ ਇੰਟਰਸਟ ਸਬਸਿਡੀ 12 ਲੱਖ ਤਕ ਹੀ ਮਿਲੇਗੀ, ਜਦੋਂ ਕਿ ਬਾਕੀ ਰਕਮ 'ਤੇ ਬੈਂਕ ਵੱਲੋਂ ਪੂਰਾ ਵਿਆਜ ਚਾਰਜ ਕੀਤਾ ਜਾਵੇਗਾ। ਬੈਂਕ, ਹਾਊਸਿੰਗ ਫਾਈਨਾਂਸ ਕੰਪਨੀ, ਖੇਤਰੀ ਗ੍ਰਾਮੀਣ ਬੈਂਕ, ਸਮਾਲ ਫਾਈਨਾਂਸ ਬੈਂਕ ਤੋਂ ਇਸ ਯੋਜਨਾ ਤਹਿਤ ਕਰਜ਼ ਲਈ ਅਪਲਾਈ ਕੀਤਾ ਜਾ ਸਕਦਾ ਹੈ। ਇਸ ਨਾਲ ਇਕ ਪ੍ਰਮਾਣ ਪੱਤਰ ਦੇਣਾ ਜ਼ਰੂਰੀ ਹੈ ਕਿ ਤੁਹਾਡੇ ਜਾਂ ਪਰਿਵਾਰ 'ਚੋਂ ਕਿਸੇ ਦੇ ਨਾਂ 'ਤੇ ਕੋਈ ਘਰ ਨਹੀਂ ਹੈ। ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਕ੍ਰੈਡਿਟ ਲਿਕੰਡ ਸਕੀਮ ਦਾ ਫਾਇਦਾ ਲੈਣ ਲਈ ਹੋਰ ਵੀ ਕਈ ਸ਼ਰਤਾਂ ਹਨ। ਇਹ ਯੋਜਨਾ ਸਰਕਾਰ ਦੀ ਉਸ ਪਹਿਲ ਦਾ ਹਿੱਸਾ ਹੈ, ਜਿਸ ਤਹਿਤ ਉਸ ਦਾ ਮਕਸਦ ਹਰ ਪਰਿਵਾਰ ਨੂੰ 2022 ਤਕ ਪੱਕਾ ਘਰ ਉਪਲੱਬਧ ਕਰਵਾਉਣਾ ਹੈ।


Related News