ਰੂੰ ਮੂਧੇ ਮੂੰਹ ਡਿੱਗਣ ਨਾਲ ਤੇਜੜੀਆਂ ''ਚ ਹਲਚਲ

11/25/2018 11:11:59 PM

ਜੈਤ— ਭਾਰਤ ਦੇ ਵੱਖ-ਵੱਖ ਕਪਾਹ ਉਤਪਾਦਨ ਸੂਬਿਆਂ ਦੀਆਂ ਘਰੇਲੂ ਮੰਡੀਆਂ 'ਚ ਹੁਣ ਤਕ ਲਗਭਗ 53 ਲੱਖ ਗੰਢ ਵ੍ਹਾਈਟ ਗੋਲਡ ਪਹੁੰਚਣ ਦੀ ਸੂਚਨਾ ਹੈ, ਜਿਸ 'ਚ ਲਗਭਗ 10 ਲੱਖ ਗੰਢ ਪਿਛਲੇ ਹਫਤੇ ਮੰਡੀਆਂ 'ਚ ਪਹੁੰਚੀ। ਦੇਸ਼ 'ਚ ਹੁਣ ਤਕ ਆਈਆਂ ਕੁਲ 53 ਲੱਖ ਗੰਢਾਂ 'ਚ ਉੱਤਰੀ ਖੇਤਰੀ ਰਾਜਾਂ ਪੰਜਾਬ, ਹਰਿਆਣਾ ਤੇ ਰਾਜਸਥਾਨ ਭੀਲਵਾੜਾ ਖੇਤਰ ਦੀਆਂ 22 ਲੱਖ ਗੰਢਾਂ ਵੀ ਸ਼ਾਮਲ ਹੈ।
ਸੂਤਰਾਂ ਅਨੁਸਾਰ ਉੱਤਰੀ ਖੇਤਰੀ ਸੂਬਿਆਂ ਦੇ ਜ਼ਿਆਦਾਤਰ ਕਪਾਹ ਜਿਨਰਾਂ (ਰੂੰ ਬਿਕਵਾਲਾਂ) ਨੇ ਰੂੰ 'ਚ ਤੇਜ਼ੀ ਦੇ ਆਸਾਰ ਦੇ ਕਾਰਨ ਉਨ੍ਹਾਂ ਰੂੰ ਗੰਢਾਂ ਦਾ ਸਟਾਕ ਕਰ ਲਿਆ, ਜਿਸ ਕਾਰਨ ਤੇਜੜੀਆਂ 'ਚ ਹਲਚਲ ਪੈਦਾ ਹੋਣਾ ਕੁਦਰਤੀ ਗੱਲ ਹੈ। ਬੀਤੇ 10 ਦਿਨਾਂ 'ਚ ਰੂੰ 120 ਤੋਂ 150 ਰੁਪਏ ਮਣ ਮੂਧੇ ਮੂੰਹ ਡਿੱਗ ਚੁੱਕੀ ਹੈ। ਭਾਰਤੀ ਰੂੰ ਬਾਜ਼ਾਰ 'ਚ 150 ਰੁਪਏ ਮਣ ਕੀਮਤਾਂ ਡਿੱਗਣ ਨੂੰ ਕਾਫੀ ਮੰਦੀ ਮੰਨਿਆ ਜਾਂਦਾ ਹੈ। ਦੂਜੇ ਪਾਸੇ ਤੇਜੜੀਆਂ ਦਾ ਕਹਿਣਾ ਹੈ ਕਿ ਰੂੰ ਨੇ ਗੰਗਾ 'ਚ ਜੋ ਗੋਤਾ ਲਾਉਣਾ ਸੀ, ਉਹ ਲਾ ਚੁੱਕੀ ਹੈ। ਰੂੰ ਮੰਦੀ ਨੂੰ ਹੁਣ ਬ੍ਰੇਕ ਲੱਗੇਗੀ।
ਗੁਜਰਾਤੀਆਂ ਦੀ ਮੰਗ ਪਈ ਢਿੱਲੀ
ਹਰਿਆਣਾ ਤੇ ਰਾਜਸਥਾਨ 'ਚ ਗੁਜਰਾਤੀ ਰੂੰ ਕਾਰੋਬਾਰੀਆਂ ਦੀ ਧਾਕ ਜੰਮੀ ਹੋਈ ਸੀ, ਜਿਸ ਵਜ੍ਹਾ ਨਾਲ ਮਾਰਕੀਟ ਦੇ ਜ਼ਮੀਨ 'ਤੇ ਪੈਰ ਨਹੀਂ ਲੱਗ ਰਹੇ ਸਨ ਪਰ ਬੀਤੇ ਕਈ ਦਿਨਾਂ ਤੋਂ ਗੁਜਰਾਤੀ ਕਾਰੋਬਾਰੀਆਂ ਦੀ ਮੰਗ ਕਾਫੀ ਢਿੱਲੀ ਪੈਣ ਨਾਲ ਫਿਲਹਾਲ ਰੂੰ ਮਾਰਕੀਟ ਤੇਜ਼ੀ ਨਾਲ ਪਟੜੀ ਤੋਂ ਹੇਠਾਂ ਉਤਰ ਗਈ ਹੈ। ਹੁਣ ਮਾਰਕੀਟ 'ਚ ਇਸ ਦੀ ਮੰਗ ਘੱਟ ਹੀ ਦੇਖਣ ਨੂੰ ਮਿਲ ਰਹੀ ਹੈ।
ਰੂੰ ਕੁਆਲਟੀ ਬਣਿਆ ਇਸ਼ੂ
ਚਾਲੂ ਨਵੇਂ ਕਪਾਹ ਸੀਜ਼ਨ 'ਚ ਕਾਫੀ ਸਾਲਾਂ ਬਾਅਦ ਪੰਜਾਬ, ਹਰਿਆਣਾ ਤੇ ਰਾਜਸਥਾਨ 'ਚ ਰੂੰ ਕੁਆਲਟੀ ਦਾ ਇਸ਼ੂ ਬਣਿਆ ਹੈ ਕਿਉਂਕਿ ਹਰ ਮੰਡੀਆਂ ਦੇ ਰੂੰ ਭਾਅ ਵੱਖ-ਵੱਖ ਬਣ ਗਏ ਹਨ। ਰੂੰ ਰੇਟ 'ਚ ਅੰਤਰ ਪੰਜਾਬ 30 ਰੁਪਏ ਮਣ, ਹਰਿਆਣਾ 70 ਰੁਪਏ ਤੇ ਹਨੂਮਾਨਗੜ੍ਹ 20-30 ਰੁਪਏ ਮਣ ਵੱਖ-ਵੱਖ ਮੰਡੀਆਂ ਭਾਅ ਚੱਲ ਰਹੇ ਹਨ। ਸ਼ਨੀਵਾਰ ਰੂੰ ਭਾਅ ਪੰਜਾਬ 4445-4475 ਰੁਪਏ ਮਣ, ਹਰਿਆਣਾ 4465-4500 ਰੁਪਏ, ਹਨੂਮਾਨਗੜ੍ਹ ਸਰਕਲ 4410-4420 ਰੁਪਏ ਮਣ ਬੋਲੇ ਗਏ। ਮਾਰਕੀਟ ਦਾ ਰੁਖ਼ ਗਿਰਾਵਟ 'ਚ ਨਜ਼ਰ ਆਉਣ 'ਤੇ ਸਪਿਨਿੰਗ ਮਿੱਲਰਾਂ ਨੇ ਸ਼ਾਮ ਨੂੰ ਮਾਰਕੀਟ ਤੋਂ ਮੂੰਹ ਫੇਰ ਲਿਆ। ਰੂੰ ਬਿਕਵਾਲ ਤੇ ਲਿਵਾਲ ਦੋਵਾਂ ਦੀ ਹੀ ਸੋਮਵਾਰ ਸੈਟ ਰੂੰ ਤੇ ਵਾਅਦਾ ਰੂੰ ਮਾਰਕੀਟ ਖੁੱਲ੍ਹਣ 'ਤੇ ਨਜ਼ਰਾਂ ਟਿਕੀਆਂ ਹੋਈਆਂ ਹਨ। ਹਾਜ਼ਰ ਰੂੰ ਵਪਾਰ ਇਨ੍ਹਾਂ ਦੋਵਾਂ (ਸੈਟ ਤੇ ਵਾਅਦਾ ਬਾਜ਼ਾਰ) ਦੀ ਲਪੇਟ 'ਚ ਆ ਚੁੱਕਾ ਹੈ। ਇਸ ਦੀ ਤੇਜ਼ੀ-ਮੰਦੀ ਮਾਰਕੀਟ ਹੀ ਹਾਜ਼ਰ ਰੂੰ ਮਾਰਕੀਟ ਨੂੰ ਨਚਾਉਂਦੀ ਹੈ।
ਵ੍ਹਾਈਟ ਗੋਲਡ ਸਥਿਰ ਰੇਟ ਬਣੇ 5775 ਰੁਪਏ 
ਹਾਜ਼ਰ ਰੂੰ ਕੀਮਤਾਂ 'ਚ ਬੀਤੇ 10 ਦਿਨਾਂ 'ਚ 150 ਰੁਪਏ ਕੁਇੰਟਲ ਮੰਦੀ ਆ ਚੁੱਕੀ ਹੈ। ਦੂਜੇ ਪਾਸੇ ਜ਼ਿਆਦਾਤਰ ਮੰਡੀਆਂ 'ਚ ਵਧੀਆ ਕੁਆਲਟੀ ਦਾ ਵ੍ਹਾਈਟ ਗੋਲਡ 5500 ਤੋਂ 5775 ਰੁਪਏ ਕੁਇੰਟਲ ਵਿਕਣ ਦੀ ਸੂਚਨਾ ਹੈ। ਵ੍ਹਾਈਟ ਗੋਲਡ ਦਾ ਐੱਮ. ਐੱਸ. ਪੀ. 5350 ਰੁਪਏ ਕੁਇੰਟਲ ਹੈ। ਇਹ ਵ੍ਹਾਈਟ ਗੋਲਡ ਪੂਰਾ ਪ੍ਰਾਈਵੇਟ ਵਪਾਰੀ ਹੀ ਖਰੀਦ ਰਹੇ ਹਨ। ਭਾਰਤੀ ਕਪਾਹ ਨਿਗਮ ਲਿਮਟਿਡ (ਸੀ. ਬੀ. ਆਈ.) ਨੂੰ ਇਸ ਸਾਲ ਭਾਰਤ 'ਚ ਬੰਪਰ ਵ੍ਹਾਈਟ ਗੋਲਡ ਫਸਲ ਉਤਪਾਦਨ ਹੋਣ ਨਾਲ ਰੇਟ ਹੇਠਾਂ ਰਹਿਣ ਦੀ ਸੰਭਾਵਨਾ ਸੀ, ਜਿਸ ਨਾਲ ਪੰਜਾਬ, ਹਰਿਆਣਾ ਤੇ ਰਾਜਸਥਾਨ ਸਮੇਤ ਦੇਸ਼ ਦੇ ਹੋਰ ਰਾਜਾਂ 'ਚ ਸੀ. ਸੀ. ਆਈ. ਨੇ ਵ੍ਹਾਈਟ ਗੋਲਡ ਐੱਮ. ਐੱਸ. ਪੀ. 'ਤੇ ਖਰੀਦਣ ਲਈ ਵਿਆਪਕ ਪ੍ਰਬੰਧ ਕੀਤੇ ਸਨ ਪਰ ਵ੍ਹਾਈਟ ਗੋਲਡ ਪ੍ਰਾਈਵੇਟ ਵਪਾਰੀਆਂ ਵੱਲੋਂ ਉਪਰ 'ਚ 5775-5800 ਰੁਪਏ ਕੁਇੰਟਲ ਖਰੀਦਣ ਨਾਲ ਸੀ. ਸੀ. ਸੀ. ਅਜੇ ਤਕ ਹੱਥ 'ਤੇ ਹੱਥ ਰੱਖੇ ਬੈਠੇ ਹੋਏ ਹਨ।