ਬੇਲਗਾਮ ਹੋਏ ਸਟੀਲ ਦੇ ਰੇਟ, ਸਰਕਾਰ ਖਾਮੋਸ਼

10/12/2021 11:14:49 AM

ਲੁਧਿਆਣਾ, (ਧੀਮਾਨ)– ਭਾਰਤ ’ਚ ਹਰ ਤਰ੍ਹਾਂ ਦੇ ਸਟੀਲ ਦੇ ਰੇਟ ਬੇਲਗਾਮ ਹੋ ਗਏ ਹਨ। ਅੱਜ ਇਕਦਮ ਬਾਜ਼ਾਰ ਖੁੱਲ੍ਹਦੇ ਹੀ ਇੰਗਟ ਦੇ ਰੇਟਾਂ ’ਚ ਕਰੀਬ 1500 ਰੁਪਏ ਪ੍ਰਤੀ ਟਨ ਦਾ ਵਾਧਾ ਦੇਖਿਆ ਗਿਆ, ਜਿਸ ਤੋਂ ਬਾਅਦ ਇੰਜੀਨੀਅਰਿੰਗ ਉਦਯੋਗ ਨਾਲ ਜੁੜੇ ਕਾਰੋਬਾਰੀਆਂ ਨੇ ਅੱਜ ਉਤਪਾਦਨ ਸਿਰਫ ਓਨਾ ਹੀ ਕੀਤਾ, ਜਿੰਨਾ ਉਨ੍ਹਾਂ ਦੇ ਗੋਦਾਮ ’ਚ ਕੁੱਝ ਦਿਨ ਪਹਿਲਾਂ ਖਰੀਦਿਆ ਗਿਆ ਕੱਚਾ ਮਾਲ ਯਾਨੀ ਸਟੀਲ ਪਿਆ ਸੀ। ਲੁਧਿਆਣਾ ਅਤੇ ਮੰਡੀ ਗੋਬਿੰਦਗੜ੍ਹ ਦੀ ਸਟੀਲ ਮੰਡੀ ’ਚ ਬੈਠੇ ਕਾਰੋਬਾਰੀਆਂ ਨੂੰ 10 ਤੋਂ 15 ਫੀਸਦੀ ਹੀ ਅੱਜ ਆਰਡਰ ਮਿਲੇ। ਜਦ ਕਿ ਇਕ ਮੋਟੇ ਤੌਰ ’ਤੇ ਅੰਦਾਜ਼ਨ ਰੋਜ਼ਾਨਾ 50 ਹਜ਼ਾਰ ਟਨ ਸਰੀਏ ਦਾ ਉਤਪਾਦਨ ਹੁੰਦਾ ਹੈ ਅਤੇ ਸ਼ਾਮ ਤੱਕ ਸਟੀਲ ਮਿੱਲਾਂ ਦੇ ਗੋਦਾਮ ਖਾਲੀ ਹੋ ਜਾਂਦੇ ਹਨ। ਕੋਲੇ ਦੀ ਕਮੀ ਦਾ ਬਹਾਨਾ ਬਣਾ ਕੇ ਸੈਕੰਡਰੀ ਸਟੀਲ ਨਿਰਮਾਤਾਵਾਂ ਨੇ 1500 ਰੁਪਏ ਪ੍ਰਤੀ ਟਨ ਤੱਕ ਰੇਟ ਉੱਪਰ ਚੜ੍ਹਾ ਦਿੱਤੇ। ਇੱਥੇ ਦੱਸਣਯੋਗ ਹੈ ਕਿ ਪੰਜਾਬ ’ਚ ਨਾਮਾਤਰ ਹੀ ਅਜਿਹੀਆਂ ਸਟੀਲ ਨਿਰਮਾਣ ਦੀਆਂ ਕੰਪਨੀਆਂ ਹਨ ਜੋ ਕੋਲੇ ਦਾ ਇਸਤੇਮਾਲ ਕਰਦੀਆਂ ਹੋਣ। ਲਗਭਗ ਸਾਰਿਆਂ ਨਾਲ ਆਧੁਨਿਕ ਤਕਨੀਕ ਨਾਲ ਸਟੀਲ ਦੇ ਨਿਰਮਾਣ ਦਾ ਕੰਮ ਪਿਛਲੇ ਕਾਫੀ ਸਾਲਾਂ ਤੋਂ ਸ਼ੁਰੂ ਕੀਤਾ ਹੋਇਆ ਹੈ। ਕੋਲਾ ਤਾਂ ਇਕ ਬਹਾਨਾ ਹੈ ਅਤੇ ਇਸ ਦੇ ਸਹਾਰੇ ਪੈਸਾ ਕਮਾਉਣ ਦੀ ਦੌੜ ’ਚ ਕੰਪਨੀਆਂ ਜੁਟੀਆਂ ਹੋਈਆਂ ਹਨ। ਬਾਜ਼ਾਰ ’ਚ ਅੱਜ ਸਟੀਲ ਦੇ ਵਧੇ ਰੇਟ ਜ਼ਰੂਰ ਦੇਖੇ ਗਏ ਪਰ ਖਰੀਦਦਾਰ ਬਿਲਕੁਲ ਨਹੀਂ ਦਿਖਾਈ ਦਿੱਤੇ। ਕੇਂਦਰ ਅਤੇ ਪੰਜਾਬ ਸਰਕਾਰ ਸਟੀਲ ਦੀਆਂ ਕੀਮਤਾਂ ਨੂੰ ਲੈ ਕੇ ਖਾਮੋਸ਼ ਬੈਠੀ ਹੈ। ਜਿਸ ਨਾਲ ਇੰਜੀਨੀਅਰਿੰਗ ਇੰਡਸਟਰੀ ਦੇ ਕਾਰੋਬਾਰੀਆਂ ਦਾ ਦੋਹਾਂ ਸਰਕਾਰਾਂ ਪ੍ਰਤੀ ਪਾਰਾ ਉੱਪਰ ਚੜ੍ਹਦਾ ਜਾ ਰਿਹਾ ਹੈ।

ਕਿਉਂ ਵਧ ਰਹੇ ਹਨ ਰੇਟ, ਸਮਝ ਤੋਂ ਹੋ ਗਿਆ ਹੈ ਪਰ੍ਹੇ
ਯੂਰੋ ਫੋਰਜ ਦੇ ਸੀ. ਐੱਮ. ਡੀ. ਅਮਿਤ ਗੋਸਵਾਮੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਪਿਛਲੇ ਹਫਤੇ ਦੋ ਵੱਖ-ਵੱਖ ਦੇਸ਼ਾਂ ਤੋਂ ਆਰਡਰ ਆਏ ਹਨ। ਪਰ ਜਿਵੇਂ ਹੀ ਆਰਡਰ ਫਾਈਨਲ ਹੋਇਆ ਤਾਂ ਪਤਾ ਲੱਗਾ ਕਿ ਸਟੀਲ ਦੇ ਰੇਟ 48 ਹਜ਼ਾਰ ਰੁਪਏ ਤੋਂ ਵਧ ਕੇ 51 ਹਜ਼ਾਰ ਰੁਪਏ ਪ੍ਰਤੀ ਟਨ ’ਤੇ ਪਹੁੰਚ ਗਏ ਹਨ। ਹੁਣ ਸਮਝ ਤੋਂ ਪਰ੍ਹੇ ਹੈ ਕਿ ਆਰਡਰ ਦਾ ਭੁਗਤਾਨ ਕਿਸ ਕੀਮਤ ’ਤੇ ਕੀਤਾ ਜਾਵੇ। ਸਟੀਲ ਦੀਆਂ ਕੀਮਤਾਂ ਵਧਣ ਨਾਲ ਲਾਗਤ ਤਾਂ ਵਧਦੀ ਹੈ, ਨਾਲ ਹੀ ਜੇ ਉਤਪਾਦਨ ਹੁੰਦਾ ਹੈ ਤਾਂ ਫਾਇਦਾ ਸਾਨੂੰ ਹੋਣ ਦੀ ਬਜਾਏ ਸਟੀਲ ਕੰਪਨੀਆਂ ਨੂੰ ਪਹੁੰਚੇਗਾ। ਸਟੀਲ ਦੇ ਰੇਟ ਵਧਣ ਪਿੱਛੇ ਸਰਕਾਰ ਕੋਈ ਐਕਸ਼ਨ ਲੈਣ ਦੇ ਮੂਡ ’ਚ ਨਹੀਂ ਹੈ। ਫਿਰ ਵੀ ਰੇਟਾਂ ’ਚ ਉਛਾਲ ਕਿਉਂ ਲਿਆਂਦਾ ਜਾ ਰਿਹਾ ਹੈ, ਇਸ ’ਤੇ ਕੇਂਦਰ ਅਤੇ ਸੂਬਾ ਸਰਕਾਰ ਕੋਈ ਐਕਸ਼ਨ ਲੈਣ ਦੇ ਮੂਡ ’ਚ ਨਹੀਂ ਹੈ। ਇਸ ਨਾਲ ਇੰਡਸਟਰੀ ਕੋਲ ਸਿਰਫ ਆਪਣਾ ਕੰਮ ਬੰਦ ਕਰਨ ਤੋਂ ਇਲਾਵਾ ਦੂਜਾ ਕੋਈ ਰਸਤਾ ਨਹੀਂ ਹੈ।

ਸਟੀਲ ਕੰਪਨੀਆਂ ਸੋਨੇ ਦਾ ਆਂਡਾ ਦੇਣ ਵਾਲੀ ਇੰਜੀਨੀਅਰਿੰਗ ਇੰਡਸਟਰੀ ਨੂੰ ਹੀ ਖਾ ਜਾਣਾ ਚਾਹੁੰਦੀਆਂ ਹਨ : ਰਲਹਨ
ਲੁਧਿਆਣਾ ਹੈਂਡ ਟੂਲਸ ਐਸੋਸੀਏਸ਼ਨ ਦੇ ਪ੍ਰਧਾਨ ਐੱਸ. ਸੀ. ਰਲਹਨ ਕਹਿੰਦੇ ਹਨ ਕਿ ਸਟੀਲ ਕੰਪਨੀਆਂ ਸ਼ਾਇਦ ਭੁੱਲ ਗਈਆਂ ਹਨ ਕਿ ਇੰਜੀਨੀਅਰਿੰਗ ਉਤਪਾਦਾਂ ਦਾ ਨਿਰਮਾਣ ਕਰਨ ਵਾਲੀ ਇੰਡਸਟਰੀ ਹੀ ਬੰਦ ਹੋ ਗਈ ਤਾਂ ਉਹ ਸਟੀਲ ਕਿਸੇ ਨੂੰ ਵੇਚੇਗੀ। ਇਹ ਕੰਪਨੀਆਂ ਸੋਨੇ ਦਾ ਆਂਡਾ ਨਹੀਂ ਪੁਰੀ ਮੁਰਗੀ ਹੀ ਖਾ ਜਾਣਾ ਚਾਹੁੰਦੀਆਂ ਹਨ। ਇੰਜੀਨੀਅਰਿੰਗ ਇੰਡਸਟਰੀ ਨੂੰ ਆਪਣਾ ਭਵਿੱਖ ਹਨ੍ਹੇਰਾ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ।

ਕੀ ਕਹਿੰਦੇ ਹਨ ਇੰਡਕਸ਼ਨ ਫਰਨੇਸ ਐਸੋਸੀਏਸ਼ਨ ਦੇ ਅਹੁਦਾਧਿਕਾਰੀ
ਇੰਡਕਸ਼ਨ ਫਰਨੇਸ ਐਸੋਸੀਏਸ਼ਨ ਦੇ ਪ੍ਰਧਾਨ ਕੇ. ਕੇ. ਗਰਗ ਕਹਿੰਦੇ ਹਨ ਇਕੱਲੇ ਕੋਲੇ ਕਾਰਨ ਹੀ ਨਹੀਂ ਸਗੋਂ ਬਾਕੀ ਦੇ ਕੱਚੇ ਮਾਲ ਦੇ ਰੇਟਾਂ ’ਚ ਵੀ ਦੋ ਗੁਣਾ ਦਾ ਉਛਾਲ ਆ ਜਾਣ ਕਾਰਨ ਸਟੀਲ ਦੇ ਰੇਟ ਵਧਾਉਣੇ ਪਏ ਹਨ। ਭੱਠੀਆਂ ਨੂੰ ਚਲਾਉਣ ਵਾਲਾ ਕੱਚਾ ਮਾਲ ਜਿਵੇਂ ਫਿਲਕੋਨ 70 ਰੁਪਏ ਕਿਲੋ ਤੋਂ ਵਧ ਕੇ 170 ਰੁਪਏ ’ਤੇ ਪਹੁੰਚ ਗਿਆ। ਇਸ ਤਰ੍ਹਾਂ ਮੈਗਨੀਸ ਮੈਟਲ ਵੀ 125 ਤੋਂ ਵਧ ਕੇ ਸਿੱਧਾ 425 ਦੇ ਅੰਕੜੇ ਨੂੰ ਪਾਰ ਕਰ ਗਿਆ। ਇਸ ਤਰ੍ਹਾਂ ਹੋਰ ਕੱਚੇ ਮਾਲ ਵੀ ਅਸਮਾਨ ਦੀਆਂ ਉਚਾਈਆਂ ’ਤੇ ਹਨ।

Rakesh

This news is Content Editor Rakesh