ਸਟੀਲ ਕੀਮਤਾਂ 'ਚ ਭਾਰੀ ਵਾਧਾ, ਨਵੇਂ ਸਾਲ 'ਚ ਕਾਰ-ਬਾਈਕ ਹੋਣਗੇ ਮਹਿੰਗੇ!

12/08/2020 11:09:56 PM

ਨਵੀਂ ਦਿੱਲੀ— ਸਟੀਲ ਮਹਿੰਗਾ ਹੋਣ ਨਾਲ ਨਵੇਂ ਸਾਲ 'ਚ ਸਾਈਕਲ, ਬਾਈਕਸ ਅਤੇ ਕਾਰਾਂ ਦੀ ਕੀਮਤ 'ਚ ਵਾਧਾ ਹੋ ਸਕਦਾ ਹੈ। ਇਨਪੁਟ ਲਾਗਤ 'ਚ ਵਾਧਾ ਹੋਣ ਦੇ ਮੱਦੇਨਜ਼ਰ ਆਟੋ ਕੰਪਨੀਆਂ ਨੂੰ ਇਸ ਦਾ ਬੋਝ ਗਾਹਕਾਂ 'ਤੇ ਪਾਉਣਾ ਪੈ ਸਕਦਾ ਹੈ। ਸਟੀਲ ਕੀਮਤਾਂ ਵਧਣ ਨਾਲ ਨਾ ਸਿਰਫ਼ ਆਟੋ ਸੈਕਟਰ ਸਗੋਂ ਰਿਹਾਇਸ਼ੀ ਫਲੈਟ ਬਣਾ ਰਹੇ ਬਿਲਡਰ ਅਤੇ ਨਿੱਜੀ ਤੌਰ 'ਤੇ ਆਪਣਾ ਘਰ ਬਣਾ ਰਹੇ ਲੋਕਾਂ ਦੇ ਨਾਲ-ਨਾਲ ਸਰਕਾਰੀ ਪ੍ਰਾਜੈਕਟਾਂ ਦੇ ਠੇਕੇਦਾਰ ਵੀ ਪ੍ਰਭਾਵਿਤ ਹੋਣਗੇ।

ਸੂਤਰਾਂ ਮੁਤਾਬਕ, ਸਟੀਲ ਕੰਪਨੀਆਂ ਨੇ ਦਸੰਬਰ 'ਚ ਕੀਮਤਾਂ 'ਚ ਦੂਜੀ ਵਾਰ ਵਾਧਾ ਕਰ ਦਿੱਤਾ ਹੈ। ਹੁਣ ਦੀ ਵਾਰ ਕੀਮਤਾਂ 'ਚ 1,500 ਰੁਪਏ ਪ੍ਰਤੀ ਟਨ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਹੀ ਸਟੀਲ ਕੀਮਤਾਂ 'ਚ ਲਗਭਗ 2,500 ਰੁਪਏ ਪ੍ਰਤੀ ਟਨ ਦਾ ਵਾਧਾ ਕੀਤਾ ਗਿਆ ਸੀ। ਇਸ ਤਰ੍ਹਾਂ ਦਸੰਬਰ ਮਹੀਨੇ 'ਚ ਹੀ ਸਟੀਲ 4,000 ਰੁਪਏ ਪ੍ਰਤੀ ਟਨ ਮਹਿੰਗਾ ਹੋ ਚੁੱਕਾ ਹੈ।

ਇਹ ਵੀ ਪੜ੍ਹੋ- ਦਿੱਲੀ ਤੋਂ ਫਲਾਈਟ ਲੈਣਾ ਹੁਣ ਪੈ ਸਕਦਾ ਹੈ ਮਹਿੰਗਾ, ਲੱਗੇਗਾ ਨਵਾਂ ਚਾਰਜ

ਆਟੋ ਨਿਰਮਾਣ 'ਚ ਸਟੀਲ ਪ੍ਰਮੁੱਖ ਇਨਪੁਟ ਹੈ ਅਤੇ ਸਟੀਲ ਉਦਯੋਗ ਦੀ ਮਹੱਤਵਪੂਰਨ ਮੰਗ 'ਚ ਇਸ ਦਾ ਅਹਿਮ ਯੋਗਦਾਨ ਹੈ। ਭਾਰਤ ਸਟੀਲ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਹਾਲਾਂਕਿ, ਅਜੇ ਵੀ ਉੱਚ ਗੁਣਵੱਤਾ ਵਾਲੇ ਸਟੀਲ ਦੀ ਮੰਗ ਦਰਾਮਦ ਜ਼ਰੀਏ ਪੂਰੀ ਕੀਤੀ ਜਾਂਦੀ ਹੈ। ਸਟੀਲ ਕੀਮਤਾਂ ਵਧਣਾ ਉਨ੍ਹਾਂ ਆਟੋ ਕੰਪਨੀਆਂ ਲਈ ਵੱਡਾ ਝਟਕਾ ਹੈ ਜਿਨ੍ਹਾਂ ਦੀ ਕੋਰੋਨਾ ਕਾਲ 'ਚ ਮੰਗ ਪਹਿਲਾਂ ਹੀ ਕਮਜ਼ੋਰ ਹੈ। ਸਟੀਲ ਕੀਮਤਾਂ ਦਾ ਸਿੱਧਾ ਅਸਰ ਸਾਈਕਲ, ਆਟੋ ਪਾਰਟਸ, ਸਿਲਾਈ ਮਸ਼ੀਨਾਂ, ਮਸ਼ੀਨ ਟੂਲ, ਹਾਰਡਵੇਅਰ ਅਤੇ ਹੈਂਡ ਟੂਲਜ਼ 'ਤੇ ਪੈਂਦਾ ਹੈ। ਵਰਲਡ ਸਟੀਲ ਐਸੋਸੀਏਸ਼ਨ ਅਨੁਸਾਰ, ਇਕ ਕਾਰ 'ਚ ਲਗਭਗ 900 ਕਿਲੋਗ੍ਰਾਮ ਸਟੀਲ ਲੱਗਦਾ ਹੈ, ਜਿਸ 'ਚੋਂ 34 ਫ਼ੀਸਦੀ ਬਾਡੀ ਸਟ੍ਰਕਚਰ 'ਚ ਅਤੇ 23 ਫ਼ੀਸਦੀ ਇੰਜਣ ਬਲਾਕ ਅਤੇ ਗੀਅਰ ਤੰਤਰ 'ਚ ਇਸਤੇਮਾਲ ਕੀਤਾ ਜਾਂਦਾ ਹੈ। ਸਟੀਲ ਕੀਮਤਾਂ 'ਚ ਵਾਧਾ ਹੋਣ ਦਾ ਪ੍ਰਮੁੱਖ ਕਾਰਨ ਮਜਬੂਤ ਮੰਗ ਅਤੇ ਕੱਚੇ ਲੋਹੇ ਦੀ ਲਾਗਤ ਜ਼ਿਆਦਾ ਹੋਣਾ ਹੈ।

ਇਹ ਵੀ ਪੜ੍ਹੋ- ਕਿਸਾਨਾਂ ਤੇ ਵਪਾਰੀਆਂ ਵੱਲੋਂ ਗੰਢਿਆਂ ਦੀ ਬਰਾਮਦ 'ਤੇ ਰੋਕ ਹਟਾਉਣ ਦੀ ਮੰਗ

Sanjeev

This news is Content Editor Sanjeev