ਗੋਆ ਦੇ ਨਵੇਂ ਕੌਮਾਂਤਰੀ ਹਵਾਈ ਅੱਡੇ ਨਾਲ ਵਧੇਗੀ ਸੂਬੇ ਦੀ GDP : ਪ੍ਰਬੰਧਨ

12/11/2022 9:40:08 AM

ਪਣਜੀ– ਉੱਤਰੀ ਗੋਆ ਦੇ ਮੋਪਾ ’ਚ ਗ੍ਰੀਨਫੀਲਡ ਕੌਮਾਂਤਰੀ ਹਵਾਈ ਅੱਡੇ ਦੀ ਸਾਲਾਨਾ 44 ਲੱਖ ਮੁਸਾਫਰਾਂ ਨੂੰ ਸੰਭਾਲਣ ਦੀ ਸਮਰੱਥਾ ਨਾਲ ਸੂਬੇ ਦੀ ਜੀ. ਡੀ. ਪੀ. ਵਧਣ ਅਤੇ ਵੱਡੀ ਗਿਣਤੀ ’ਚ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ। ਹਵਾਈ ਅੱਡੇ ਦੇ ਪ੍ਰਬੰਧਨ ਨੇ ਦੱਸਿਆ ਕਿ ਮੁਸਾਫਰਾਂ ਨੂੰ ਸੰਭਾਲਣ ਦੀ ਸਮਰੱਥਾ ਨੂੰ ਬਾਅਦ ’ਚ 330 ਲੱਖ ਤੱਕ ਵਧਾਇਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਜੀ. ਐੱਮ. ਆਰ. ਗੋਆ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਵਲੋਂ ਪ੍ਰਬੰਧਿਤ ਇਸ ਹਵਾਈ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਨਗੇ।

ਜੀ. ਐੱਮ. ਆਰ. ਗੋਆ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੇ ਟਵੀਟ ਕਰ ਕੇ ਦੱਸਿਆ ਕਿ ਇਸ ਹਵਾਈ ਅੱਡੇ ਦੇ ਚਾਲੂ ਹੋਣ ਨਾਲ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਬੜ੍ਹਾਵਾ ਮਿਲੇਗਾ। ਟਵੀਟ ’ਚ ਕਿਹਾ ਗਿਆ ਕਿ ਹਵਾਈ ਅੱਡੇ ਦੀ ਸਾਲਾਨਾ 44 ਲੱਖ ਮੁਸਾਫਰਾਂ ਨੂੰ ਸੰਭਾਲਣ ਦੀ ਸਮਰੱਥਾ ਹੈ, ਜਿਸ ਨੂੰ ਵਧਾ ਕੇ 330 ਲੱਖ ਤੱਕ ਕੀਤਾ ਜਾ ਸਕਦਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਵਲੋਂ ਇਸ ਦੇ ਨਾਂ ਨੂੰ ਅੰਤਿਮ ਰੂਪ ਦਿੱਤੇ ਜਾਣ ਤੱਕ ਹਵਾਈ ਅੱਡੇ ਨੂੰ ਨਿਊ ਗੋਆ ਕੌਮਾਂਤਰੀ ਹਵਾਈ ਅੱਡੇ ਵਜੋਂ ਜਾਣਿਆ ਜਾਵੇਗਾ।

Aarti dhillon

This news is Content Editor Aarti dhillon