ਝੋਨੇ ਦੀ ਅਦਾਇਗੀ ਸ਼ੁਰੂ, 726.27 ਕਰੋਡ਼ ਰੁਪਏ ਦੀ ਰਾਸ਼ੀ ਖਾਤਿਆਂ ’ਚ ਪਾਈ

10/16/2018 8:47:00 PM

ਚੰਡੀਗਡ਼੍ਹ- ਪੰਜਾਬ ’ਚ ਖਰੀਦੇ ਜਾ ਰਹੇ ਝੋਨੇ ਦੀ ਅਦਾਇਗੀ ਅੱਜ ਸ਼ੁਰੂ ਹੋ ਗਈ ਹੈ। ਭਾਵੇਂ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਈ ਸੀ ਪਰ ਕੇਂਦਰ ਸਰਕਾਰ ਵਲੋਂ ਝੋਨੇ ਦੀ ਅਦਾਇਗੀ ਲਈ ਸੀ. ਸੀ. ਲਿਮਟ ਜਾਰੀ ਹੋਣ ’ਚ ਦੇਰੀ ਕਾਰਨ ਅਦਾਇਗੀ ਦਾ ਕੰਮ ਸੁਰੂ ਨਹੀਂ ਸੀ ਹੋ ਸਕਿਆ। ਪਿਛਲੇ ਦਿਨੀਂ ਰਿਜ਼ਰਵ ਬੈਂਕ ਦੀ ਮਨਜ਼ੂਰੀ ਅਨੁਸਾਰ ਸਟੇਟ ਬੈਂਕ ਆਫ਼ ਇੰਡੀਆ ਵਲੋਂ ਅਦਾਇਗੀ ਲਈ ਰਾਸ਼ੀ ਜਾਰੀ ਕੀਤੀ ਗਈ। ਸਰਕਾਰੀ ਬੁਲਾਰੇ ਅਨੁਸਾਰ 15 ਅਕਤੂਬਰ ਤੱਕ ਸਰਕਾਰੀ ਏਜੰਸੀਆਂ ਅਤੇ ਨਿੱਜੀ ਮਿੱਲ ਮਾਲਕਾਂ ਵਲੋਂ 1393178 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ ਅਤੇ ਸਰਕਾਰ ਵਲੋਂ ਆਡ਼੍ਹਤੀਆਂ/ਕਿਸਾਨਾਂ ਦੇ ਖਾਤਿਆਂ ਵਿਚ 726.27 ਕਰੋਡ਼ ਰੁਪਏ ਦੀ ਰਾਸ਼ੀ ਟਰਾਂਸਫਰ ਕੀਤੀ ਜਾ ਚੁੱਕੀ ਹੈ। ਸੂਬੇ ਵਿਚ ਸਥਿਤ ਵੱਖ-ਵੱਖ ਖ਼ਰੀਦ ਕੇਂਦਰਾਂ ਤੋਂ ਖ਼ਰੀਦੇ ਕੁੱਲ 1393178 ਮੀਟ੍ਰਿਕ ਟਨ ਝੋਨੇ ਵਿਚੋਂ 1361681 ਮੀਟ੍ਰਿਕ ਟਨ ਸਰਕਾਰੀ ਏਜੰਸੀਆਂ ਵਲੋਂ ਜਦਕਿ 31497 ਮੀਟ੍ਰਿਕ ਟਨ ਝੋਨਾ ਨਿੱਜੀ ਮਿੱਲ ਮਾਲਕਾਂ ਵਲੋਂ ਖ਼ਰੀਦਿਆ ਜਾ ਚੁੱਕਾ ਹੈ।