12 ਜਨਵਰੀ ਤੋਂ ਹੋਰ ਉਡਾਣਾਂ ਸ਼ੁਰੂ ਕਰੇਗੀ ਸਪਾਈਸ ਜੈੱਟ, UAE ਲਈ ਵਧਾਏਗੀ ਗੇੜੇ

01/06/2021 1:30:25 PM

ਨਵੀਂ ਦਿੱਲੀ- ਦਿੱਲੀ ਤੋਂ ਰਾਸ-ਅਲ-ਖੈਮਾਹ ਜਾਂ ਓਡੀਸ਼ਾ ਜਾਣ ਦੀ ਯੋਜਨਾ ਹੈ ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਨਿੱਜੀ ਖੇਤਰ ਦੀ ਏਅਰਲਾਈਨ ਸਪਾਈਸ ਜੈੱਟ ਨੇ ਬੁੱਧਵਾਰ ਨੂੰ ਕਿਹਾ ਕਿ ਉਹ 12 ਜਨਵਰੀ ਤੋਂ 21 ਨਵੀਂਆਂ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ।

ਮੁੰਬਈ ਤੋਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਰਾਸ-ਅਲ-ਖੈਮਾਹ ਵਿਚਕਾਰ ਦੋ ਹਫ਼ਤਾਵਾਰੀ ਉਡਾਣਾਂ ਦੀ ਸ਼ੁਰੂ ਕੀਤੀ ਜਾ ਰਹੀ ਹੈ। ਉੱਥੇ ਹੀ, ਦਿੱਲੀ ਤੋਂ ਰਾਸ-ਅਲ-ਖੈਮਾਹ ਵਿਚਕਾਰ ਉਡਾਣਾਂ ਦੀ ਗਿਣਤੀ ਵਧਾਏਗੀ ਜਾਏਗੀ। 'ਰਾਸ ਅਲ ਖੈਮਾਹ' ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਸੱਤ ਅਮੀਰਾਤ 'ਚੋਂ ਇਕ ਹੈ। ਮੌਜੂਦਾ ਸਮੇਂ ਇਸ ਲਈ ਹਫ਼ਤੇ ਵਿਚ ਦੋ ਵਾਰ ਵੀਰਵਾਰ ਅਤੇ ਐਤਵਾਰ ਨੂੰ ਉਡਾਣਾਂ ਹਨ। ਸਪਾਈਸ ਜੈੱਟ ਨੇ ਦਿੱਲੀ ਤੋਂ ਰਾਸ ਅਲ ਖੈਮਾਹ ਲਈ ਪਹਿਲੀ ਉਡਾਣ 26 ਨਵੰਬਰ ਤੋਂ ਸ਼ੁਰੂ ਕੀਤੀ ਸੀ।

ਸਪਾਈਸ ਜੈੱਟ ਓਡੀਸ਼ਾ ਦੇ ਝਾਰਸੁਗੁਡਾ ਨੂੰ ਮੁੰਬਈ ਅਤੇ ਬੇਂਗਲੁਰੂ ਨਾਲ ਨਵੀਂਆਂ ਉਡਾਣਾਂ ਨਾਲ ਜੋੜੇਗੀ ਅਤੇ ਇਸ ਤੋਂ ਇਲਾਵਾ ਦਿੱਲੀ-ਝਾਰਸੁਗੁਡਾ ਵਿਚਕਾਰ ਹੁਣ Q400 ਏਅਰਕ੍ਰਾਫਟ ਦੀ ਬਜਾਏ ਬੀ-737 ਵੱਡੇ ਜਹਾਜ਼ ਦਾ ਇਸਤੇਮਾਲ ਕੀਤਾ ਜਾਵੇਗਾ, ਜਿਸ ਨਾਲ ਪਹਿਲਾਂ ਤੋਂ ਵੱਧ ਲੋਕ ਸਫ਼ਰ ਕਰ ਸਕਣਗੇ।

ਏਅਰਲਾਈਨ ਨੇ ਹੈਦਰਾਬਾਦ ਨੂੰ ਵਿਸ਼ਾਖਾਪਟਨਮ, ਤਿਰੂਪਤੀ ਅਤੇ ਵਿਜੇਵਾੜਾ ਨਾਲ ਜੋੜਨ ਵਾਲੀਆਂ ਨਵੀਆਂ ਰੋਜ਼ਾਨਾ ਨਾਨ-ਸਟਾਪ ਉਡਾਣਾਂ ਵੀ ਸ਼ੁਰੂ ਕੀਤੀਆਂ ਹਨ। ਗੌਰਤਲਬ ਹੈ ਕਿ ਕੋਵਿਡ-19 ਤਾਲਾਬੰਦੀ ਤੋਂ ਬਾਅਦ ਸ਼ਡਿਊਲਡ ਘਰੇਲੂ ਉਡਾਣਾਂ 25 ਮਈ ਤੋਂ ਦੁਬਾਰਾ ਸ਼ੁਰੂ ਹੋਈਆਂ ਹਨ। ਮੌਜੂਦਾ ਸਮੇਂ ਭਾਰਤੀ ਏਅਰਲਾਈਨਾਂ ਨੂੰ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ਦੇ 80 ਫ਼ੀਸਦੀ ਉਡਾਣਾਂ ਨੂੰ ਚਲਾਉਣ ਦੀ ਮਨਜ਼ੂਰੀ ਹੈ। ਜਲਦ ਹੀ ਏਅਰਲਾਈਨਾਂ ਨੂੰ ਕੋਵਿਡ-19 ਤੋਂ ਪਹਿਲਾਂ ਵਾਲੇ ਪੱਧਰ 'ਤੇ ਉਡਾਣਾਂ ਚਲਾਉਣ ਦੀ ਮਨਜ਼ੂਰੀ ਮਿਲ ਸਕਦੀ ਹੈ।

Sanjeev

This news is Content Editor Sanjeev