ਤੁਹਾਡਾ ਸਫਰ ਹੋ ਜਾਵੇਗਾ ਸ਼ਾਨਦਾਰ, ਭਾਰਤੀ ਰੇਲਵੇ ਦੇਣ ਜਾ ਰਿਹੈ ਨਵੀਂ ਸਰਵਿਸ

01/15/2020 9:44:52 AM

ਨਵੀਂ ਦਿੱਲੀ— ਹੁਣ ਤੁਸੀਂ ਜਲਦ ਹੀ ਸਟੇਸ਼ਨਾਂ ਅਤੇ ਗੱਡੀ 'ਚ ਸਫਰ ਕਰਦੇ ਡਿਮਾਂਡ 'ਤੇ ਪਸੰਦੀਦਾ ਪ੍ਰੋਗਰਾਮ ਵੀ ਦੇਖ ਸਕੋਗੇ। ਭਾਰਤੀ ਰੇਲਵੇ ਨੇ ਟਰੇਨਾਂ ਤੇ ਰੇਲਵੇ ਸਟੇਸ਼ਨਾਂ 'ਤੇ 'ਕੰਟੈਂਟ ਆਨ ਡਿਮਾਂਡ ਸਰਵਿਸ (ਸੀ. ਓ. ਡੀ.)' ਦੇਣ ਦਾ ਫੈਸਲਾ ਕੀਤਾ ਹੈ। ਰੇਲਵੇ ਬੋਰਡ ਨੇ ਰੇਲਟੈੱਲ ਨੂੰ ਟਰੇਨਾਂ 'ਚ ਡਿਮਾਂਡ ਸਰਵਿਸਿਜ਼ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਯਾਤਰੀ ਸਫਰ ਦੌਰਾਨ ਬਿਨਾਂ ਕਿਸੇ ਰੁਕਾਵਟ ਦੇ ਮੁਫਤ ਅਤੇ ਸਬਸਕ੍ਰਿਪਿਸ਼ਨ ਆਧਾਰਿਤ ਮਨੋਰੰਜਨ ਸਟ੍ਰੀਮਿੰਗ ਦਾ ਆਨੰਦ ਲੈ ਸਕਣਗੇ।
 

ਰੇਲਟੈੱਲ ਨੇ ਜ਼ੀ ਐਂਟਰਟੇਨਮੈਂਟ ਦੀ ਸਹਾਇਕ ਕੰਪਨੀ ਮਾਰਗੋ ਨੈੱਟਵਰਕ ਨੂੰ ਸਟੇਸ਼ਨਾਂ ਅਤੇ ਟਰੇਨਾਂ 'ਚ ਡਿਮਾਂਡ 'ਤੇ ਪਸੰਦੀਦਾ ਪ੍ਰੋਗਰਾਮ ਪ੍ਰਦਾਨ ਕਰਨ ਲਈ ਡਿਜੀਟਲ ਮਨੋਰੰਜਨ ਸਰਵਿਸ ਪ੍ਰਦਾਤਾ ਦੇ ਤੌਰ 'ਤੇ ਚੁਣਿਆ ਹੈ। ਇਹ ਪ੍ਰਾਜੈਕਟ ਦੋ ਸਾਲਾਂ 'ਚ ਲਾਗੂ ਕੀਤਾ ਜਾਵੇਗਾ। ਫਿਲਮਾਂ ਤੇ ਹੋਰ ਮਨੋਰੰਜਕ ਪ੍ਰੋਗਾਰਮ, ਵਿਦਿਅਕ ਪ੍ਰੋਗਰਾਮ ਆਦਿ ਮੁਫਤ ਅਤੇ ਪੇਡ ਦੋਹਾਂ 'ਚ ਉਪਲੱਬਧ ਹੋਣਗੇ।

ਉੱਥੇ ਹੀ, ਰੇਲਟੈੱਲ ਵੱਲੋਂ ਟਰੇਨਾਂ 'ਚ ਪ੍ਰੀਲੋਡ ਲੋਡਿੰਗ ਬਹੁ-ਭਾਸ਼ਾਈ ਫਿਲਮਾਂ, ਸੰਗੀਤ ਵੀਡੀਓਜ਼, ਆਮ ਮਨੋਰੰਜਨ ਆਦਿ ਸਮੱਗਰੀ ਉਪਲੱਬਧ ਕਰਾਈ ਜਾਵੇਗੀ। ਇਹ ਸਰਵਿਸ ਪੂਰੀ ਤਰ੍ਹਾਂ ਸਾਲ 2022 ਤੱਕ ਲਾਗੂ ਹੋ ਜਾਵੇਗੀ। ਇਸ ਨਾਲ ਨਾ ਸਿਰਫ ਸਫਰ ਆਨੰਦਮਈ ਹੋਣ ਜਾ ਰਿਹਾ ਹੈ ਸਗੋਂ ਰੇਲਵੇ ਨੂੰ ਕਿਰਾਏ ਤੋਂ ਇਲਾਵਾ ਹੋਰ ਸਰੋਤਾਂ ਜ਼ਰੀਏ ਵੀ ਆਮਦਨ ਹੋਣੀ ਸ਼ੁਰੂ ਹੋ ਜਾਵੇਗੀ।
'ਕੰਟੈਂਟ ਆਨ ਡਿਮਾਂਡ ਸਰਵਿਸ ਉਪਨਗਰੀ ਟਰੇਨਾਂ ਸਮੇਤ 8,731 ਟਰੇਨਾਂ 'ਚ ਉਪਲੱਬਧ ਹੋਵੇਗੀ। ਇਸ ਤੋਂ ਇਲਾਵਾ, ਸੀ. ਓ. ਡੀ. ਸਾਰੇ ਵਾਈ-ਫਾਈ ਰੇਲਵੇ ਸਟੇਸ਼ਨਾਂ 'ਤੇ ਵੀ ਉਪਲੱਬਧ ਹੋਵੇਗੀ। ਹੁਣ ਤੱਕ 5,563 ਰੇਲਵੇ ਸਟੇਸ਼ਨ ਵਾਈ-ਫਾਈ ਹੋ ਚੁੱਕੇ ਹਨ।