ਦੀਵਾਲੀ ''ਤੇ ਲੱਗੇਗਾ ਝਟਕਾ, 10% ਮਹਿੰਗੇ ਹੋਣਗੇ ਓਵਨ ਤੇ ਵਾਸ਼ਿੰਗ ਮਸ਼ੀਨ

08/14/2019 3:45:00 PM

ਨਵੀਂ ਦਿੱਲੀ— ਜਲਦ ਹੀ ਖਰੀਦਦਾਰਾਂ ਨੂੰ ਵਾਸ਼ਿੰਗ ਮਸ਼ੀਨ ਅਤੇ ਮਾਈਕਰੋਵੇਵ ਓਵਨ ਲਈ ਜੇਬ ਢਿੱਲੀ ਕਰਨੀ ਪਵੇਗੀ। ਦੀਵਾਲੀ ਤਕ ਇਨ੍ਹਾਂ ਦੀਆਂ ਕੀਮਤਾਂ 'ਚ 5 ਤੋਂ 10 ਫੀਸਦੀ ਤਕ ਦਾ ਵਾਧਾ ਹੋ ਸਕਦਾ ਹੈ ਕਿਉਂਕਿ ਵਾਈਟ ਗੁੱਡਜ਼ ਨਿਰਮਾਤਾ ਸਰਕਾਰ ਦੇ ਊਰਜਾ ਕੁਸ਼ਲਤਾ ਸੰਬੰਧੀ ਨਿਯਮਾਂ ਮੁਤਾਬਕ, ਇਸੇ ਮਹੀਨੇ ਤੋਂ ਸਟਾਰ ਰੇਟਿੰਗ ਵਾਲੇ ਵਾਸ਼ਿੰਗ ਮਸ਼ੀਨ ਤੇ ਓਵਨ ਬਾਜ਼ਾਰ 'ਚ ਉਤਾਰਨੇ ਸ਼ੁਰੂ ਕਰਨ ਜਾ ਰਹੇ ਹਨ।

 


ਸਟਾਰ ਲੇਬਲਿੰਗ ਨਾਲ ਇਨ੍ਹਾਂ ਦੀ ਕੀਮਤਾਂ 'ਚ ਵਾਧਾ ਤਾਂ ਹੋਵੇਗਾ ਪਰ ਇਨ੍ਹਾਂ ਦੀ ਗੁਣਵੱਤਾ ਕਾਫੀ ਬਿਹਤਰ ਹੋਵੇਗੀ ਤੇ ਨਾਲ ਹੀ ਬਿਜਲੀ ਖਪਤ ਵੀ ਘੱਟ ਹੋਵੇਗੀ, ਜਿਸ ਨਾਲ ਗਾਹਕਾਂ ਦਾ ਬਿੱਲ ਉਨ੍ਹਾਂ 'ਤੇ ਬੋਝ ਨਹੀਂ ਬਣੇਗਾ।

ਸਟਾਰ ਰੇਟਿੰਗ ਅਤੇ ਸਮਰੱਥਾ ਦੇ ਹਿਸਾਬ ਨਾਲ ਕੀਮਤਾਂ 'ਚ 1,000 ਰੁਪਏ ਤੋਂ ਲੈ ਕੇ ਵੱਧ ਤੋਂ ਵੱਧ 3,000 ਰੁਪਏ ਤਕ ਦਾ ਵਾਧਾ ਹੋ ਸਕਦਾ ਹੈ। ਕੰਪਨੀਆਂ ਨੇ ਮੌਜੂਦਾ ਸਟਾਕ ਨੂੰ ਸਟਾਰ ਲੇਬਲ ਪ੍ਰਾਡਕਟਸ ਨਾਲ ਬਦਲਣਾ ਸ਼ੁਰੂ ਕਰ ਦਿੱਤਾ ਹੈ। ਉੱਥੇ ਹੀ, ਫਰਿੱਜਾਂ ਅਤੇ ਏ. ਸੀ. ਦੀਆਂ ਕੀਮਤਾਂ 'ਚ ਵੀ ਅਗਲੇ ਸਾਲ ਤੋਂ 8-10 ਫੀਸਦੀ ਤਕ ਦਾ ਵਾਧਾ ਹੋ ਜਾਵੇਗਾ ਕਿਉਂਕਿ ਸਰਕਾਰ ਜਨਵਰੀ ਤੋਂ ਇਨ੍ਹਾਂ ਲਈ ਵੀ ਊਰਜਾ ਨਿਯਮਾਂ ਨੂੰ ਸਖਤ ਕਰਨ ਜਾ ਰਹੀ ਹੈ।

ਬਾਜ਼ਾਰ ਹਿੱਸੇਦਾਰੀ ਦੇ ਹਿਸਾਬ ਨਾਲ ਭਾਰਤ ਦੀ ਸਭ ਤੋਂ ਵੱਡੀ ਵਾਈਟ ਗੁੱਡਜ਼ ਨਿਰਮਾਤਾ ਕੰਪਨੀ ਐੱਲ. ਜੀ. ਇਲੈਕਟ੍ਰਾਨਿਕਸ ਨੇ ਇਸੇ ਮਹੀਨੇ ਤੋਂ ਸਟਾਰ-ਰੇਟਡ ਵਾਸ਼ਿੰਗ ਮਸ਼ੀਨਾਂ ਲਾਂਚ ਕਰਨ ਦੀ ਯੋਜਨਾ ਬਣਾਈ ਹੈ, ਜਦੋਂ ਕਿ ਸਟਾਰ ਰੇਟਿੰਗ ਵਾਲੇ ਮਾਈਕਰੋਵੇਵ ਕੰਪਨੀ ਦੀਵਾਲੀ ਤਕ ਲੈ ਕੇ ਆਵੇਗੀ। ਗੋਦਰੇਜ, ਬੀ. ਪੀ. ਐੱਲ. ਵੀ ਜਲਦ ਹੀ ਸਟਾਰ-ਰੇਟਡ ਪ੍ਰਾਡਕਟਸ ਲਾਂਚ ਕਰਨ ਜਾ ਰਹੇ ਹਨ। ਸੱਤ ਕਿੱਲੋਗ੍ਰਾਮ ਵਾਲੀ ਟਾਪ ਲੋਡ ਵਾਸ਼ਿੰਗ ਮਸ਼ੀਨ ਦੀ ਕੀਮਤ 24,500 ਰੁਪਏ ਹੋ ਸਕਦੀ ਹੈ, ਜੋ ਹੁਣ 22,990 ਰੁਪਏ ਹੈ। ਉੱਥੇ ਹੀ, 5 ਸਿਤਾਰਾ ਓਵਨ ਦੀ ਕੀਮਤ 25,000 ਰੁਪਏ ਹੋ ਸਕਦੀ ਹੈ, ਜੋ ਫਿਲਹਾਲ 23,500 ਰੁਪਏ 'ਚ ਵਿਕ ਰਿਹਾ ਹੈ।