ਸਰਕਾਰ ਦਾ ਅਹਿਮ ਕਦਮ, ਯੂਰੀਆ ਦਾ ਬੋਰਾ ਹੋਵੇਗਾ ਛੋਟਾ

01/05/2018 11:51:57 AM

ਨਵੀਂ ਦਿੱਲੀ— ਸਰਕਾਰ ਵੱਲੋਂ ਖੇਤੀ 'ਚ ਯੂਰੀਆ ਦੀ ਖਪਤ ਨੂੰ ਘੱਟ ਕਰਨ ਲਈ ਕੀਤੇ ਗਏ ਫੈਸਲੇ ਤਹਿਤ ਅਗਲੇ ਸਾਉਣੀ ਸੀਜ਼ਨ 'ਚ ਯੂਰੀਆ ਦਾ ਬੋਰਾ ਛੋਟਾ ਹੋ ਜਾਵੇਗਾ। ਹੁਣ ਇਕ ਬੋਰੀ 'ਚ 50 ਕਿਲੋ ਦੀ ਬਜਾਏ 45 ਕਿਲੋ ਯੂਰੀਆ ਮਿਲੇਗਾ। ਬੋਰੇ 'ਚ ਯੂਰੀਆ ਦੀ ਮਾਤਰਾ ਘਟਣ ਦੇ ਨਾਲ ਹੀ ਇਸ ਦੀਆਂ ਕੀਮਤਾਂ 'ਚ ਵੀ ਕਮੀ ਕੀਤੀ ਜਾਵੇਗੀ। ਦਰਅਸਲ, ਬੋਰੀ 'ਚ ਮਾਤਰਾ ਘਟਾਉਣ ਪਿੱਛੇ ਕਿਸਾਨਾਂ ਦੀ ਸੋਚ ਦੇ ਤਰੀਕੇ ਨੂੰ ਧਿਆਨ 'ਚ ਰੱਖਿਆ ਗਿਆ ਹੈ। ਖਾਦ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਆਮ ਤੌਰ 'ਤੇ ਕਿਸਾਨ ਆਪਣੀਆਂ ਫਸਲਾਂ 'ਚ ਪ੍ਰਤੀ ਏਕੜ ਤਿੰਨ ਬੋਰੀਆਂ ਯੂਰੀਆ ਦੀਆਂ ਪਾਉਂਦੇ ਹਨ ਪਰ ਬੋਰਾ ਛੋਟਾ ਕਰਨ ਨਾਲ ਯੂਰੀਆ ਦੀ ਖਪਤ 'ਚ 10 ਫੀਸਦੀ ਦੀ ਸਿੱਧੀ ਬਚਤ ਹੋਣ ਦਾ ਅੰਦਾਜ਼ਾ ਹੈ। ਯੂਰੀਆ ਪੈਕਿੰਗ ਦੀ ਬੋਰੀ ਦਾ ਸਾਈਜ਼ ਘਟਾਉਣ ਲਈ ਸਾਰੇ ਯੂਰੀਆ ਕਾਰਖਾਨਿਆਂ ਨੂੰ ਸਪੱਸ਼ਟ ਤੌਰ 'ਤੇ ਹੁਕਮ ਦੇ ਦਿੱਤਾ ਗਿਆ ਹੈ। ਇਸ ਲਈ ਉਨ੍ਹਾਂ ਨੂੰ 6 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ ਅਤੇ ਅਗਲੇ ਸਾਉਣੀ ਸੀਜ਼ਨ ਦੀਆਂ ਫਸਲਾਂ ਲਈ ਨਵੀਂ ਪੈਕਿੰਗ ਵਾਲਾ ਯੂਰੀਆ ਬਾਜ਼ਾਰ 'ਚ ਪਹੁੰਚ ਜਾਵੇਗਾ। 
ਹਾਲਾਂਕਿ ਨੀਮ ਕੋਟਡ ਹੋਣ ਦੇ ਬਾਅਦ ਯੂਰੀਆ ਦੀ ਖਪਤ 'ਚ ਕਮੀ ਆਈ ਹੈ। ਨੀਮ ਕੋਟਡ ਯੂਰੀਆ ਮਿੱਟੀ 'ਚ ਦੇਰ ਨਾਲ ਘੁਲਦਾ ਹੈ, ਜਿਸ ਨਾਲ ਫਸਲ ਨੂੰ ਜ਼ਰੂਰਤ ਦੇ ਹਿਸਾਬ ਨਾਲ ਨਾਈਟ੍ਰੋਜਨ ਮਿਲਦਾ ਹੈ। ਆਮ ਤੌਰ 'ਤੇ ਨੀਮ ਕੋਟਡ ਹੋਣ ਨਾਲ ਯੂਰੀਆ ਦੀ ਸਮਰੱਥਾ 'ਚ 10 ਤੋਂ 12 ਫੀਸਦੀ ਦਾ ਫਰਕ ਆ ਜਾਂਦਾ ਹੈ। ਇਸ ਦਾ ਫਸਲ ਨੂੰ ਵੀ ਫਾਇਦਾ ਮਿਲਦਾ ਹੈ। ਦੇਸ਼ 'ਚ ਸੌ-ਫੀਸਦ ਨੀਮ ਕੋਟਡ ਯੂਰੀਆ ਦੀ ਵਰਤੋਂ ਦਸੰਬਰ 2017 ਤੋਂ ਚਾਲੂ ਹੋਈ ਹੈ। ਖੇਤੀ 'ਤੇ ਉਸ ਦੇ ਪ੍ਰਭਾਵ ਦੇ ਅਧਿਐਨ 'ਚ ਪਤਾ ਚੱਲਿਆ ਕਿ ਜਿੱਥੇ 10 ਫੀਸਦੀ ਯੂਰੀਆ ਘੱਟ ਖਰਚ ਹੋਇਆ, ਉੱਥੇ ਹੀ ਉਤਪਾਦਕਤਾ 'ਚ 10 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਸਰਕਾਰ ਦਾ ਮਕਸਦ ਯੂਰੀਆ ਦੀ ਖਪਤ ਨੂੰ ਘੱਟ ਕਰਨਾ ਅਤੇ ਖਾਦਾਂ ਦੇ ਸੰਤੁਲਤ ਇਸਤੇਮਾਲ ਨੂੰ ਉਤਸ਼ਾਹਤ ਕਰਨਾ ਹੈ, ਜਿਸ ਦਾ ਲਾਭ ਕਿਸਾਨਾਂ ਨੂੰ ਹੋਵੇਗਾ।