ਜਲਦੀ ਹੀ ਭੋਜਨ ਪਕਾਉਣ ਵਾਲੇ ਤੇਲਾਂ ''ਚ ਸ਼ਾਮਲ ਹੋਵੇਗਾ ਅਲਸੀ ਦਾ ਤੇਲ

09/24/2019 10:09:27 AM

ਨਵੀਂ ਦਿੱਲੀ — ਅਲਸੀ ਤੇਲ ਛੇਤੀ ਹੀ ਖਾਣ ਵਾਲੇ ਤੇਲਾਂ ’ਚ ਸ਼ਾਮਲ ਹੋਵੇਗਾ। ਸਰਕਾਰੀ ਖੋਜ ਸੰਸਥਾ ਭਾਰਤੀ ਖੇਤੀਬਾੜੀ ਖੋਜ ਕੌਂਸਲ (ਆਈ. ਸੀ. ਏ. ਆਰ.) ਨੇ ਇਸ ਤੇਲ ਦੀ ਗੁਣਵੱਤਾ ’ਚ ਸੁਧਾਰ ਕੀਤਾ ਹੈ ਅਤੇ ਇਸ ਨੂੰ ਖਾਣ ਦੇ ਲਿਹਾਜ਼ ਨਾਲ ਬਿਹਤਰ ਤੇਲ ਬਣਾਉਣ ਦਾ ਦਾਅਵਾ ਕੀਤਾ ਹੈ। ਕੌਂਸਲ ਮੁਤਾਬਕ ਇਸ ਤੇਲ ’ਚ ਸਿਹਤ ਦੇ ਲਿਹਾਜ਼ ਨਾਲ ਕਈ ਗੁਣ ਹਨ। ਲਿਨਸੀਡ ਯਾਨੀ ਅਲਸੀ ਤੇਲ ਨੂੰ ਨਾ ਖਾਣ ਯੋਗ ਤੇਲ ਮੰਨਿਆ ਜਾਂਦਾ ਹੈ। ਇਸ ’ਚ ਅਲਫਾ-ਲਿਨੋਲੇਨਿਕ ਐਸਿਡ ਕਾਫ਼ੀ ਮਾਤਰਾ ’ਚ ਹੁੰਦਾ ਹੈ। ਇਸ ਲਿਹਾਜ਼ ਨਾਲ ਇਸ ਦੀ ਉਦਯੋਗਿਕ ਵਰਤੋਂ ਕਾਫ਼ੀ ਵਧ ਜਾਂਦੀ ਹੈ।

ਆਈ. ਸੀ. ਏ. ਆਰ. ਨੇ ਲੰਮੀ ਖੋਜ ਤੋਂ ਬਾਅਦ ਇਸ ਤੇਲ ਨੂੰ ਖਾਣਾ ਪਕਾਉਣ ਯੋਗ ਬਣਾਇਆ ਹੈ। ਕੌਂਸਲ ਨੇ ਇਸ ਤੇਲ ’ਚੋਂ ਲਿਨੋਲੇਨਿਕ ਐਸਿਡ ਦੀ ਹਾਜ਼ਰੀ ਨੂੰ ਘੱਟ ਕਰਨ ਦਾ ਤਰੀਕਾ ਲੱਭ ਲਿਆ। ਇਸ ਤੋਂ ਬਾਅਦ ਇਹ ਤੇਲ ਖਾਣ ’ਚ ਵਰਤੋਂ ਲਾਇਕ ਬਣ ਗਿਆ। ਇਹ ਤੇਲ ਲੰਮੇ ਸਮੇਂ ਤੱਕ ਠੀਕ ਬਣਿਆ ਰਹਿ ਸਕਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਟੈਸਟ ਦੇ ਬਾਅਦ ਪਾਇਆ ਗਿਆ ਕਿ 'ਕੋਲਡ ਪ੍ਰੋਸੈਸਡ ਅਲਸੀ ਤੇਲ' ਦਾ ਇਸਤੇਮਾਲ ਕਈ ਖਾਣ-ਪੀਣ ਦੀਆਂ ਵਸਤੂਆਂ 'ਚ ਕੀਤਾ ਜਾ ਸਕਦਾ ਹੈ। ਇਸ ਤੇਲ ਨਾਲ ਕੇਲੇ ਦੇ ਚਿਪਸ, ਪਾਪੜ, ਪੂੜੀ ਅਤੇ ਸਬਜ਼ੀ ਅਸਾਨੀ ਨਾਲ ਬਣਾਏ ਜਾ ਸਕਦੇ ਹਨ। ਅਲਸੀ ਦੇ ਤੇਲ ਨੂੰ ਮਿਲਾ ਕੇ ਤਿਆਰ ਕੀਤੇ ਗਏ ਤੇਲ 'ਚ ਪਕਾਏ ਗਏ ਭੋਜਨ ਦਾ ਸਵਾਦ, ਉਸਦੀ ਗੁਣਵੱਤਾ ਅਤੇ ਉਸਨੂੰ ਰੱਖਣ ਦੀ ਸਮਾਂ ਮਿਆਦ ਸਾਰੇ ਮਾਮਲਿਆਂ 'ਚ ਇਸ ਦੀ ਵਰਤੋਂ ਸਫਲ ਰਹੀ ਹੈ।