ਜੂਨ ਦੇ ਅਖੀਰ ''ਚ ਧਨਤੇਰਸ ਵਾਂਗ ਵਿਕਿਆ ਸੋਨਾ

07/05/2017 8:28:56 AM

ਕੋਲਕਾਤਾ— ਭਾਰਤ ਦੇ ਗੋਲਡ ਟ੍ਰੇਡ ਲਈ ਜੂਨ ਕੁੱਝ ਹੱਦ ਤੱਕ ਧਨਤੇਰਸ ਵਰਗਾ ਰਿਹਾ ਹੈ। ਧਨਤੇਰਸ 'ਚ ਵੱਡੀ ਗਿਣਤੀ 'ਚ ਲੋਕ ਸੋਨਾ ਖਰੀਦਦੇ ਹਨ । ਸੋਨੇ ਦੀ ਖਰੀਦਦਾਰੀ ਨੂੰ ਲੈ ਕੇ ਕੁੱਝ ਅਜਿਹਾ ਹੀ ਰੁਝਾਨ ਜੂਨ ਦੇ ਅਖੀਰਲੇ ਦਿਨਾਂ 'ਚ ਦੇਖਣ ਨੂੰ ਮਿਲਿਆ ਹੈ। ਲੋਕਾਂ ਨੇ ਇਸ ਉਮੀਦ ਨਾਲ ਜਿਊਲਰੀ ਸਟੋਰਸ ਦਾ ਰੁਖ਼ ਕੀਤਾ ਕਿ ਗੁਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਲਾਗੂ ਹੋਣ ਤੋਂ ਬਾਅਦ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆਵੇਗੀ।
ਪ੍ਰਮੁੱਖ ਜਿਊਲਰਸ ਦੇ ਮੁਤਾਬਕ ਸਾਲਾਨਾ ਆਧਾਰ 'ਤੇ ਜੂਨ 'ਚ ਗੋਲਡ ਦੀ ਸੇਲ 60-100 ਫ਼ੀਸਦੀ ਵਧੀ। ਹਾਲਾਂਕਿ ਉਨ੍ਹਾਂ ਨੂੰ ਇਸ ਗੱਲ ਨੂੰ ਲੈ ਕੇ ਡਰ ਹੈ ਕਿ ਜੀ. ਐੱਸ. ਟੀ. ਦੇ ਕਾਰਨ ਅਗਲੀ ਤਿਮਾਹੀ 'ਚ ਇਹ ਰਫਤਾਰ ਬਣੀ ਰਹੇਗੀ ਜਾਂ ਨਹੀਂ। ਜਿਊਲਰਸ ਦਾ ਕਹਿਣਾ ਹੈ ਕਿ ਮਈ ਦੇ ਮੁਕਾਬਲੇ ਅਤੇ ਸਾਲਾਨਾ ਆਧਾਰ 'ਤੇ ਜੂਨ 'ਚ ਸੇਲ 'ਚ 100 ਫ਼ੀਸਦੀ ਦਾ ਉਛਾਲ ਆਇਆ ਹੈ। ਇੰਡਸਟਰੀ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਕੰਜ਼ਿਊਮਰਸ ਵਿਚਾਲੇ ਇਹ ਡਰ ਸੀ ਕਿ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਸੋਨੇ ਦੀਆਂ ਕੀਮਤਾਂ 'ਚ ਉਛਾਲ ਆਵੇਗਾ, ਇਸ ਲਈ ਨਵਾਂ ਟੈਕਸ ਸਟਰੱਕਚਰ ਲਾਗੂ ਹੋਣ ਤੋਂ ਪਹਿਲਾਂ ਲੋਕਾਂ ਨੇ ਸੋਨੇ ਦੀ ਖਰੀਦਦਾਰੀ ਕੀਤੀ।
ਜਿਊਲਰਸ ਦਾ ਕਹਿਣਾ ਹੈ ਕਿ ਪਿਛਲੇ ਟੈਕਸ ਸਟਰੱਕਚਰ (1 ਫ਼ੀਸਦੀ ਟੈਕਸ ਅਤੇ 1 ਫ਼ੀਸਦੀ ਐਕਸਾਈਜ਼ ਡਿਊਟੀ) ਦੇ ਮੁਕਾਬਲੇ ਜੀ. ਐੱਸ. ਟੀ. ਦੇ ਤਹਿਤ 3 ਫ਼ੀਸਦੀ ਟੈਕਸ ਰੇਟ ਨਾਲ ਸੇਲਸ 'ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਸਿਰਫ਼ 1 ਫ਼ੀਸਦੀ ਦਾ ਹੀ ਵਾਧਾ ਹੋਵੇਗਾ।
ਰਤਨ, ਗਹਿਣਾ ਬਰਾਮਦ ਅਪ੍ਰੈਲ-ਮਈ 'ਚ 11 ਫ਼ੀਸਦੀ ਤੋਂ ਜ਼ਿਆਦਾ ਵਧੀ

ਦੇਸ਼ ਦੀ ਰਤਨ ਅਤੇ ਗਹਿਣਾ ਬਰਾਮਦ ਚਾਲੂ ਵਿੱਤ ਸਾਲ ਦੇ ਪਹਿਲੇ 2 ਮਹੀਨਿਆਂ 'ਚ 11 ਫ਼ੀਸਦੀ ਤੋਂ ਜ਼ਿਆਦਾ ਵਧ ਕੇ 6.78 ਅਰਬ ਡਾਲਰ ਰਹੀ। ਮੁੱਖ ਰੂਪ ਨਾਲ ਅਮਰੀਕਾ ਵਰਗੇ ਵੱਡੇ ਬਾਜ਼ਾਰਾਂ 'ਚ ਮੰਗ ਵਧਣ ਨਾਲ ਬਰਾਮਦ ਵਧੀ ਹੈ। ਰਤਨ ਅਤੇ ਗਹਿਣਾ ਬਰਾਮਦ ਪ੍ਰਮੋਸ਼ਨ ਕੌਂਸਲ (ਜੀ. ਜੇ. ਈ. ਪੀ. ਸੀ.) ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਅਪ੍ਰੈਲ-ਮਈ 'ਚ ਖੇਤਰ ਦੀ ਬਰਾਮਦ 6.1 ਅਰਬ ਡਾਲਰ ਰਹੀ ਸੀ।
ਦੇਸ਼ ਦੀ ਕੁਲ ਬਰਾਮਦ 'ਚ ਕਿਰਤ ਰਤਨ ਅਤੇ ਗਹਿਣਾ ਖੇਤਰ ਦਾ ਯੋਗਦਾਨ ਕਰੀਬ 14 ਫ਼ੀਸਦੀ ਹੈ। ਬਰਾਮਦ 'ਚ ਵਾਧੇ ਦਾ ਕਾਰਨ ਚਾਂਦੀ ਦੇ ਗਹਿਣੇ, ਸੋਨੇ ਦੇ ਤਮਗੇ ਤੇ ਸਿੱਕਿਆਂ ਦੀ ਬਰਾਮਦ 'ਚ ਵਾਧਾ ਹੈ। ਚਾਂਦੀ ਦੀ ਬਰਾਮਦ ਚਾਲੂ ਵਿੱਤ ਸਾਲ 'ਚ ਅਪ੍ਰੈਲ-ਮਈ ਦੌਰਾਨ ਦੁੱਗਣੀ ਤੋਂ ਜ਼ਿਆਦਾ ਹੋ ਕੇ 1.51 ਅਰਬ ਡਾਲਰ ਰਹੀ ਜੋ ਇਕ ਸਾਲ ਪਹਿਲਾਂ ਇਸ ਮਹੀਨੇ 'ਚ 67.41 ਕਰੋੜ ਡਾਲਰ ਸੀ।
ਇਸ ਤਰ੍ਹਾਂ ਸਮੀਖਿਆ ਅਧੀਨ ਮਿਆਦ 'ਚ ਸੋਨੇ ਦੇ ਤਮਗੇ ਅਤੇ ਸਿੱਕਿਆਂ ਦੀ ਬਰਾਮਦ ਕਰੀਬ 50 ਫ਼ੀਸਦੀ ਵਧ ਕੇ ਇਕ ਅਰਬ ਡਾਲਰ ਰਹੀ। ਤਰਾਸ਼ੇ ਗਏ ਹੀਰੇ, ਰੰਗੀਨ ਰਤਨ ਅਤੇ ਕੱਚੇ ਹੀਰੇ ਦੀ ਬਰਾਮਦ 'ਚ ਵੀ ਵਾਧਾ ਦਰਜ ਕੀਤਾ ਗਿਆ ਹੈ। ਭਾਰਤ ਦੇ ਮੁੱਖ ਬਰਾਮਦਕਾਰਾਂ 'ਚ ਯੂਰਪ, ਜਾਪਾਨ, ਚੀਨ ਤੇ ਅਮਰੀਕਾ ਹਨ । ਹਾਲਾਂਕਿ ਸੋਨੇ ਦੇ ਗਹਿਣਿਆਂ ਦੀ ਬਰਾਮਦ 2017 ਦੇ ਅਪ੍ਰੈਲ-ਮਈ ਮਹੀਨੇ 'ਚ 35.6 ਫ਼ੀਸਦੀ ਦੀ ਗਿਰਾਵਟ ਨਾਲ 54.22 ਕਰੋੜ ਡਾਲਰ ਰਹੀ।
ਜੀ. ਜੇ. ਈ. ਪੀ. ਸੀ. ਦੇ ਅੰਕੜਿਆਂ ਅਨੁਸਾਰ ਕੱਚੇ ਹੀਰੇ ਦੀ ਦਰਾਮਦ ਸਮੀਖਿਆ ਅਧੀਨ ਮਿਆਦ 'ਚ ਕਰੀਬ 6 ਫ਼ੀਸਦੀ ਵਧ ਕੇ 3.60 ਅਰਬ ਡਾਲਰ ਰਹੀ । ਸੋਨੇ ਦੀਆਂ ਛੜਾਂ ਦੀ ਦਰਾਮਦ ਹਾਲਾਂਕਿ 2017 ਦੇ ਅਪ੍ਰੈਲ-ਮਈ 'ਚ 67.28 ਫ਼ੀਸਦੀ ਘੱਟ ਕੇ 30.02 ਕਰੋੜ ਡਾਲਰ ਰਹੀ।