ਸਨੈਪਡੀਲ ਦਾ ਘਾਟਾ ਘਟ ਕੇ ਹੋਇਆ 186 ਕਰੋਡ਼ ਰੁਪਏ, ਕਮਾਈ 73 ਫ਼ੀਸਦੀ ਵਧੀ

07/16/2019 10:55:17 PM

ਨਵੀਂ ਦਿੱਲੀ— ਈ-ਕਾਮਰਸ ਪਲੇਟਫਾਰਮ ਸਨੈਪਡੀਲ ਦਾ 2018-19 ’ਚ ਘਾਟਾ 70 ਫ਼ੀਸਦੀ ਘੱਟ ਹੋ ਕੇ 186 ਕਰੋਡ਼ ਰੁਪਏ ਰਹਿ ਗਿਆ ਹੈ। 2017-18 ’ਚ ਉਸ ਨੂੰ 611 ਕਰੋਡ਼ ਰੁਪਏ ਦਾ ਘਾਟਾ ਹੋਇਆ ਸੀ। ਕੰਪਨੀ ਨੇ ਇਹ ਜਾਣਕਾਰੀ ਦਿੱਤੀ।
ਸਨੈਪਡੀਲ ਨੇ ਕਿਹਾ ਕਿ ਪਿਛਲੇ ਵਿੱਤੀ ਸਾਲ 2018-19 ’ਚ ਉਸ ਦੀ ਕੁਲ ਕਮਾਈ ਲਗਭਗ 73 ਫ਼ੀਸਦੀ ਵਧ ਕੇ 925.3 ਕਰੋਡ਼ ਰੁਪਏ ’ਤੇ ਪਹੁੰਚ ਗਈ ਜੋ 2017-18 ’ਚ 535.9 ਕਰੋਡ਼ ਰੁਪਏ ’ਤੇ ਸੀ। ਉਥੇ ਹੀ ਸੰਚਾਲਨ ਤੋਂ ਕਮਾਈ 2018-19 ’ਚ 87 ਫ਼ੀਸਦੀ ਉਛਲ ਕੇ 813.8 ਕਰੋਡ਼ ਰੁਪਏ ਹੋ ਗਈ। 2017-18 ’ਚ ਇਹ ਅੰਕੜਾ 436.1 ਕਰੋਡ਼ ਰੁਪਏ ਸੀ। ਕੰਪਨੀ ਨੇ ਕਿਹਾ, ‘‘ਇਸ ਸਾਲ ਅਸੀਂ ਕਾਰੋਬਾਰ ’ਚ ਪੂੰਜੀ ਯੋਗਤਾ ਦੀ ਨੀਂਹ ਰੱਖਣ ਦੇ ਨਾਲ ਵਾਧੇ ਨੂੰ ਵਧਾਉਣ ’ਤੇ ਧਿਆਨ ਦਿੱਤਾ ਹੈ। ਸਾਡੇ ਸੰਚਾਲਨ ਨਾਲ ਕਮਾਈ ’ਚ ਸਾਲਾਨਾ ਆਧਾਰ ’ਤੇ 87 ਫ਼ੀਸਦੀ ਦਾ ਵਾਧਾ ਹੋਇਆ ਅਤੇ ਲਾਗਤ ’ਚ ਕਾਫ਼ੀ ਕਮੀ ਆਈ ਹੈ।’’ ਜ਼ਿਕਰਯੋਗ ਹੈ ਕਿ ਈ-ਕਾਮਰਸ ਖੇਤਰ ’ਚ ਸਖਤ ਮੁਕਾਬਲੇਬਾਜ਼ੀ ਕਾਰਨ ਸਨੈਪਡੀਲ ਨੂੰ ਕਾਰੋਬਾਰ ’ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ 2017 ’ਚ ਉਸ ਨੇ ਸਨੈਪਡੀਲ 2.0 ’ਤੇ ਕੰਮ ਸ਼ੁਰੂ ਕੀਤਾ। ਇਸ ਤੋਂ ਬਾਅਦ ਉਸ ਦੇ ਕਾਰੋਬਾਰ ’ਚ ਵਿਆਪਕ ਤਬਦੀਲੀ ਵੇਖੀ ਗਈ ਹੈ। 2015-16 ’ਚ ਸਨੈਪਡੀਲ ਨੂੰ 4638 ਕਰੋਡ਼ ਰੁਪਏ ਦਾ ਕੁਲ ਸ਼ੁੱਧ ਘਾਟਾ ਹੋਇਆ ਸੀ, ਜੋ ਕਿ 2017-18 ’ਚ ਘੱਟ ਹੋ ਕੇ 611 ਕਰੋਡ਼ ਰੁਪਏ ’ਤੇ ਆ ਗਿਆ। ਹੁਣ 2018-19 ’ਚ ਇਹ ਡਿੱਗ ਕੇ 186 ਕਰੋਡ਼ ਰੁਪਏ ਰਹਿ ਗਿਆ ਹੈ।

Inder Prajapati

This news is Content Editor Inder Prajapati