ਖੁਸ਼ਖਬਰੀ, PPF, NSC ''ਤੇ ਅੱਜ ਤੋਂ ਮਿਲੇਗਾ 8% ਵਿਆਜ

10/01/2018 11:50:03 AM

ਨਵੀਂ ਦਿੱਲੀ— ਜੇਕਰ ਤੁਸੀਂ ਕਿਸੇ ਸਰਕਾਰੀ ਸਕੀਮ 'ਚ ਪੈਸਾ ਲਾ ਕੇ ਫਾਇਦਾ ਕਮਾਉਣਾ ਚਾਹੁੰਦਾ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਸੋਮਵਾਰ ਯਾਨੀ ਅੱਜ ਤੋਂ ਪੀ. ਪੀ. ਐੱਫ., ਸੁਕੰਨਿਆ ਸਮਰਿਧੀ, ਕਿਸਾਨ ਵਿਕਾਸ ਪੱਤਰ 'ਤੇ ਜ਼ਿਆਦਾ ਵਿਆਜ ਮਿਲੇਗਾ। ਸਰਕਾਰ ਨੇ ਸੀਨੀਅਰ ਸਿਟੀਜ਼ਨ ਬਚਤ ਸਕੀਮ, ਰਾਸ਼ਟਰੀ ਬਚਤ ਸਰਟੀਫਿਕੇਟ (ਐੱਨ. ਐੱਸ. ਸੀ.), ਪਬਲਿਕ ਪ੍ਰੋਵੀਡੈਂਟ ਫੰਡ (ਪੀ. ਪੀ. ਐੱਫ.), ਕਿਸਾਨ ਵਿਕਾਸ ਪੱਤਰ (ਕੇ. ਵੀ. ਪੀ.), ਡਾਕਘਰ ਦੀ ਟਾਈਮ ਡਿਪਾਜ਼ਿਟ (ਟੀ. ਡੀ.) ਅਤੇ ਸੁਕੰਨਿਆ ਸਮਰਿਧੀ ਯੋਜਨਾ 'ਤੇ ਮਿਲਣ ਵਾਲੀਆਂ ਵਿਆਜ ਦਰਾਂ 'ਚ 0.40 ਫੀਸਦੀ ਤਕ ਦਾ ਵਾਧਾ ਕੀਤਾ ਹੈ। ਇਹ ਦਰਾਂ ਪਹਿਲੀ ਅਕਤੂਬਰ ਤੋਂ 31 ਦਸੰਬਰ 2018 ਤਕ ਰਹਿਣਗੀਆਂ। ਹੁਣ 1 ਜਨਵਰੀ 2019 ਨੂੰ ਵਿਆਜ ਦਰਾਂ ਦੀ ਦੁਬਾਰਾ ਸਮੀਖਿਆ ਹੋਵੇਗੀ। ਪਬਲਿਕ ਪ੍ਰੋਵੀਡੈਂਟ ਫੰਡ (ਪੀ. ਪੀ. ਐੱਫ.) ਅਤੇ ਰਾਸ਼ਟਰੀ ਬਚਤ ਸਰਟੀਫਿਕੇਟ (ਐੱਨ. ਐੱਸ. ਸੀ.) 'ਤੇ ਹੁਣ ਤੁਹਾਨੂੰ 8 ਫੀਸਦੀ ਵਿਆਜ ਮਿਲੇਗਾ। ਪਹਿਲਾਂ ਇਨ੍ਹਾਂ 'ਤੇ 7.6 ਫੀਸਦੀ ਵਿਆਜ ਮਿਲ ਰਿਹਾ ਸੀ।

PunjabKesari

ਪਬਲਿਕ ਪ੍ਰੋਵੀਡੈਂਟ ਫੰਡ (ਪੀ. ਪੀ. ਐੱਫ.)
ਪੀ. ਪੀ. ਐੱਫ. 'ਤੇ ਹੁਣ 8 ਫੀਸਦੀ ਵਿਆਜ ਮਿਲੇਗਾ, ਜੋ ਪਿਛਲੀ ਵਾਰ 7.6 ਫੀਸਦੀ ਮਿਲ ਰਿਹਾ ਸੀ। ਪੀ. ਪੀ. ਐੱਫ. ਖਾਤੇ 'ਚ ਨਿਵੇਸ਼ ਦੀ ਮਿਆਦ 15 ਸਾਲ ਹੁੰਦੀ ਹੈ। ਇਹ ਟੈਕਸ ਬਚਾਉਣ ਲਈ ਕਾਫੀ ਲੋਕਪ੍ਰਿਅ ਨਿਵੇਸ਼ ਹੈ, ਨਾਲ ਹੀ ਮਿਆਦ ਪੂਰੀ ਹੋਣ 'ਤੇ ਇਸ ਦੇ ਵਿਆਜ 'ਤੇ ਕੋਈ ਟੈਕਸ ਨਹੀਂ ਕੱਟਦਾ। ਇਸ 'ਚ ਨਿਵੇਸ਼ ਨਾਲ ਇਕ ਤਾਂ ਤੁਸੀਂ 80ਸੀ ਤਹਿਤ ਟੈਕਸ ਬਚਾ ਸਕਦੇ ਹੋ ਅਤੇ ਦੂਜਾ ਲੰਬੇ ਸਮੇਂ ਦੀ ਮਿਆਦ 'ਚ ਪੈਸਾ ਵੀ ਬਣਾ ਸਕਦੇ ਹੋ। ਇਸ 'ਚ ਤੁਸੀਂ ਘੱਟੋ-ਘੱਟ 500 ਰੁਪਏ ਅਤੇ ਵਧ ਤੋਂ ਵਧ 1.50 ਲੱਖ ਰੁਪਏ ਤਕ ਨਿਵੇਸ਼ ਕਰ ਸਕਦੇ ਹੋ।

ਸੁਕੰਨਿਆ ਸਮਰਿਧੀ ਯੋਜਨਾ
ਜੇਕਰ ਤੁਸੀਂ ਆਪਣੀ ਧੀ ਦੇ ਭਵਿੱਖ ਲਈ ਕੁਝ ਜ਼ਿਆਦਾ ਕਰਨਾ ਚਾਹੁੰਦੇ ਹੋ ਤਾਂ ਇਹ ਸਕੀਮ ਤੁਹਾਡੇ ਲਈ ਕਾਫ਼ੀ ਫਾਇਦੇਮੰਦ ਸਾਬਤ ਹੋ ਸਕਦੀ ਹੈ। ਆਪਣੀ ਧੀ ਦੇ ਨਾਮ 'ਤੇ ਤੁਸੀਂ ਇਹ ਸਕੀਮ ਲੈ ਕੇ ਉਸ ਨੂੰ ਤੋਹਫੇ ਦੇ ਤੌਰ 'ਤੇ ਦੇ ਸਕਦੇ ਹੋ। ਇਸ ਸਕੀਮ ਦਾ ਫਾਇਦਾ ਇਹ ਹੈ ਕਿ ਤੁਸੀਂ ਇਕ ਮਾਲੀ ਵਰ੍ਹੇ 'ਚ ਘੱਟੋ-ਘੱਟ 1000 ਰੁਪਏ ਤੋਂ ਲੈ ਕੇ 1.50 ਲੱਖ ਰੁਪਏ ਤਕ ਪੈਸੇ ਜਮ੍ਹਾ ਕਰਾ ਸਕਦੇ ਹੋ। ਇਸ ਯੋਜਨਾ 'ਤੇ ਹੁਣ 8.5 ਫੀਸਦੀ ਵਿਆਜ ਮਿਲੇਗਾ। ਇਹ ਖਾਤਾ ਗੋਦ ਲਈ ਬੇਟੀ ਦੇ ਨਾਮ 'ਤੇ ਵੀ ਖੁੱਲ੍ਹਵਾਇਆ ਜਾ ਸਕਦਾ ਹੈ। ਇਸ ਸਕੀਮ ਦੀ ਸ਼ਰਤ ਇਹ ਹੈ ਕਿ ਬੇਟੀ ਦੀ ਉਮਰ 10 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਸਰਕਾਰ ਨੇ ਇਸ ਨਾਲ ਇਹ ਸੁਵਿਧਾ ਵੀ ਦਿੱਤੀ ਹੈ ਕਿ ਬੇਟੀ ਦੇ 10ਵੀਂ ਕਲਾਸ ਪਾਸ ਕਰਨ ਜਾਂ ਉਸ ਦੀ ਉਮਰ 18 ਸਾਲ ਹੋਣ 'ਤੇ ਇਸ 'ਚੋਂ ਥੋੜ੍ਹੀ ਰਾਸ਼ੀ ਕਢਵਾਈ ਜਾ ਸਕਦੀ ਹੈ। ਇਸ ਦੇ ਇਲਾਵਾ ਇਨਕਮ ਟੈਕਸ ਦੀ ਧਾਰਾ 80ਸੀ ਤਹਿਤ ਇਸ 'ਤੇ ਵੀ ਟੈਕਸ ਲਾਭ ਮਿਲੇਗਾ।


Related News