ਵਿੱਤ ਮੰਤਰੀ ਦੀ ਬੈਂਕਾਂ ਨੂੰ ਨਸੀਹਤ, ''ਤਾਕਤ ਤੇ ਕਮਜ਼ੋਰੀ'' ਅਨੁਸਾਰ ਵੰਡੋ ਲੋਨ

11/24/2019 9:50:59 AM

ਚੇਨਈ— ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਚੇਨਈ ਵਿਚ ਇਕ ਸਮਾਗਮ ਦੌਰਾਨ ਬੈਂਕਾਂ ਨੂੰ ਨਸੀਹਤ ਦਿੱਤੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕਾਰੋਬਾਰ ਦਾ ਵਿਸਥਾਰ ਕਰਨ ਤੋਂ ਪਹਿਲਾਂ ਆਪਣੀ ਤਾਕਤ ਅਤੇ ਕਮਜ਼ੋਰੀਆਂ ਦਾ ਬਿਹਤਰ ਮੁਲਾਂਕਣ ਕਰਨਾ ਚਾਹੀਦਾ ਹੈ। ਜੇਕਰ ਬੈਂਕਾਂ ਨੂੰ ਇਹ ਅੰਦਾਜ਼ਾ ਹੋ ਜਾਵੇ ਕਿ ਉਹ ਕਿੰਨੇ ਮਜ਼ਬੂਤ ​​ਹਨ ਤੇ ਉਸ ਅਨੁਸਾਰ ਹੌਲੀ-ਹੌਲੀ ਵਿਸਥਾਰ ਕਰਨਗੇ ਤਾਂ ਵਿਕਾਸ ਨਿਸ਼ਚਤ ਹੈ। ਉਹ ਤਾਮਿਲਨਾਡੂ ਵਿਚ ਸਥਾਪਤ ਸਿਟੀ ਯੂਨੀਅਨ ਬੈਂਕ ਦੇ 116ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।



ਸੀਤਾਰਮਨ ਨੇ ਕਿਹਾ ਕਿ ਬੈਂਕਾਂ ਵਿਚਾਲੇ ਇਹ ਮੁਕਾਬਲਾ ਚੱਲ ਰਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਕਾਰੋਬਾਰ ਨੂੰ ਤੇਜ਼ੀ ਨਾਲ ਵਧਾਉਣਾ ਹੈ ਅਤੇ ਦੇਸ਼ ਭਰ ਵਿਚ ਸ਼ਾਖਾਵਾਂ ਖੋਲ੍ਹਣੀਆਂ ਹਨ। ਇਸ ਮੁਕਾਬਲੇ ਕਾਰਨ ਸਮਰੱਥਾ ਤੋਂ ਵਾਧੂ ਵਿਸਥਾਰ ਬੈਂਕਾਂ ਲਈ ਨੁਕਸਾਨਦੇਹ ਹੁੰਦਾ ਜਾ ਰਿਹਾ ਹੈ। ਵਿੱਤ ਮੰਤਰੀ ਨੇ ਇੱਥੋਂ ਤੱਕ ਕਿਹਾ ਕਿ ਅੱਜ ਕੱਲ ਦੇਸ਼ ਵਿਚ 'ਬੈਂਕ' ਸ਼ਬਦ ਦੇ ਨਾਮ 'ਤੇ ਖਦਸ਼ੇ ਪੈਦਾ ਹੋਣੇ ਸ਼ੁਰੂ ਹੋ ਗਏ ਹਨ। ਬੈਂਕਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਕਰਮਚਾਰੀ ਦੀ ਥੋੜ੍ਹੀ ਜਿਹੀ ਗਲਤੀ ਵੀ ਉਨ੍ਹਾਂ ਦੇ ਕੰਮ 'ਤੇ ਸਵਾਲ ਉਠਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਬੈਂਕਿੰਗ ਸੈਕਟਰ ਵਿਚ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਿਸ ਕਾਰਨ ਬੈਂਕਾਂ ਨੂੰ ਆਰਥਿਕ ਨੁਕਸਾਨ ਦੇ ਨਾਲ-ਨਾਲ ਅਕਸ ਦੇ ਨੁਕਸਾਨ ਦਾ ਵੀ ਸਾਹਮਣਾ ਕਰਨਾ ਪਿਆ ਹੈ। ਮਾੜੇ ਕਰਜ਼ਿਆਂ ਦਾ ਭਾਰ ਬਹੁਤ ਜ਼ਿਆਦਾ ਹੈ। ਕਈ ਬੈਂਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਇਨ੍ਹਾਂ ਕਾਰਨਾਂ ਕਰਕੇ ਬੈਂਕ ਵਧੇਰੇ ਲੋਨ ਵੰਡਣ ਦੇ ਯੋਗ ਨਹੀਂ ਹਨ। ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਐੱਨ. ਐੱਸ. ਵਿਸ਼ਵਨਾਥਨ ਨੇ ਵੀ ਸ਼ੁੱਕਰਵਾਰ ਨੂੰ ਬੈਂਕਾਂ ਨੂੰ ਵਧੇਰੇ ਪਾਰਦਰਸ਼ਤਾ ਲਿਆਉਣ ਤੇ ਮਾੜੇ ਕਰਜ਼ਿਆਂ ਜਾਂ ਧੋਖਾਧੜੀ ਵਰਗੀਆਂ ਘਟਨਾਵਾਂ ਦੀ ਤੁਰੰਤ ਰਿਪੋਰਟ ਕਰਨ ਦੀ ਨਸੀਹਤ ਦਿੱਤੀ ਸੀ।