ਪੈਟਰੋਲੀਅਮ ਦੇ ਰਣਨੀਤਕ ਭੰਡਾਰਣ ਲਈ ਸਿੰਗਾਪੁਰ, ਲੰਡਨ ’ਚ ਰੋਡ ਸ਼ੋਅ : ਪ੍ਰਧਾਨ

10/17/2018 11:26:49 PM

ਨਵੀਂ ਦਿੱਲੀ -ਦੇਸ਼ ’ਚ ਪੈਟਰੋਲੀਅਮ  ਦੇ ਰਣਨੀਤਕ ਭੰਡਾਰ ਲਈ ਸਰਕਾਰੀ ਨਿੱਜੀ ਹਿੱਸੇਦਾਰੀ ਨੂੰ ਬੜ੍ਹਾਵਾ ਦੇਣ ਅਤੇ 12 ਦਿਨਾਂ ਲਈ 65 ਲੱਖ ਟਨ  ਦੇ ਤੇਲ ਭੰਡਾਰ ਲਈ ਨਿੱਜੀ ਕੰਪਨੀਆਂ ਨੂੰ ਆਕਰਸ਼ਿਤ ਕਰਨ  ਦੇ ਉਦੇਸ਼ ਨਾਲ ਰੋਡ ਸ਼ੋਅ ਸ਼ੁਰੂ ਕੀਤਾ ਗਿਆ ਹੈ। 

ਪੈਟਰੋਲੀਅਮ ਮੰਤਰੀ  ਧਰਮਿੰਦਰ ਪ੍ਰਧਾਨ ਨੇ ਇੱਥੇ ਇਸ ਰੋਡ ਸ਼ੋਅ ਦਾ ਸ਼ੁੱਭ ਅਾਰੰਭ ਕੀਤਾ ਅਤੇ ਕਿਹਾ ਕਿ ਸਿੰਗਾਪੁਰ ਅਤੇ ਲੰਡਨ ’ਚ ਰੋਡ ਸ਼ੋਅ ਕੀਤਾ ਜਾਵੇਗਾ।  ਉਨ੍ਹਾਂ ਕਿਹਾ   ਕਿ ਦੇਸ਼  ਕੋਲ ਪਹਿਲਾਂ ਤੋਂ 65 ਦਿਨਾਂ ਦੀ ਭੰਡਾਰਣ ਸਮਰੱਥਾ ਹੈ।  ਰਾਸ਼ਟਰੀ ਪੈਟਰੋਲੀਅਮ ਰਣਨੀਤਕ ਭੰਡਾਰ ਪ੍ਰੋਗਰਾਮ  ਦੇ ਪਹਿਲੇ ਪੜਾਅ ’ਚ 10 ਦਿਨਾਂ ਲਈ ਭੰਡਾਰ ਦੀ ਵਿਵਸਥਾ ਕੀਤੀ ਗਈ ਹੈ ਅਤੇ ਹੁਣ ਇਸ ਪ੍ਰੋਗਰਾਮ  ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।  
ਉਨ੍ਹਾਂ ਕਿਹਾ ਕਿ ਦੂਜੇ ਪੜਾਅ ’ਚ 12 ਦਿਨਾਂ ਲਈ 65 ਲੱਖ ਟਨ ਤੇਲ  ਦਾ ਭੰਡਾਰਣ ਕੀਤਾ ਜਾਣਾ ਹੈ।  ਇਸ ਲਈ ਨਿੱਜੀ ਖੇਤਰ  ਦੇ ਨਾਲ ਮਿਲ ਕੇ ਇਸ ਨੂੰ ਅੱਗੇ ਵਧਾਉਣ ਦੀ ਤਿਆਰੀ ਕੀਤੀ ਗਈ ਹੈ ਅਤੇ ਹੁਣ ਰੋਡ ਸ਼ੋਅ  ਜ਼ਰੀਏ ਨਿੱਜੀ ਕੰਪਨੀਆਂ ਤੱਕ ਪਹੁੰਚ ਬਣਾਈ ਜਾਵੇਗੀ। 

ਪ੍ਰਧਾਨ ਨੇ ਕਿਹਾ ਕਿ ਓਡਿਸ਼ਾ  ਦੇ ਚਾਂਦੀਖੋਲ ਅਤੇ ਕਨਾਰਟਕ  ਦੇ ਪਾਦੁਰ ਦੀ ਇਸ ਭੰਡਾਰਣ ਲਈ ਚੋਣ ਕੀਤੀ ਗਈ ਹੈ। ਇਸ ਭੰਡਾਰਣ  ਤੋਂ ਬਾਅਦ ਭਾਰਤ ਅੰਤਰਰਾਸ਼ਟਰੀ ਊਰਜਾ ਏਜੰਸੀ  ਦੇ ਨਿਯਮਾਂ  ਦੇ ਅਨੁਕੂਲ 90 ਦਿਨਾਂ ਲਈ ਤੇਲ ਭੰਡਾਰਣ ਕਰਨ ਦੀ ਸਥਿਤੀ ’ਚ ਹੋਵੇਗਾ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਜਦੋਂ ਤੱਕ ਇਹ ਭੰਡਾਰਣ ਸਮਰੱਥਾ ਬਣ ਕੇ ਤਿਆਰ ਹੋਵੇ ਉਦੋਂ ਤੱਕ ਇਸ ਨੂੰ ਹੋਰ ਜ਼ਿਆਦਾ ਵਧਾਉਣ ਦੀ ਲੋੜ ਹੋਵੇ।