ਬੈਂਕ ਖਾਤੇ ਤੇ ਸਿਮ ਨਾਲ ਲਿੰਕ ਨਾ ਕੀਤਾ ਆਧਾਰ, ਤਾਂ ਹੋ ਜਾਣਗੇ ਬਲਾਕ

09/24/2017 1:07:16 PM

ਨਵੀਂ ਦਿੱਲੀ (ਬਿਊਰੋ)— ਜੇਕਰ ਤੁਸੀਂ ਆਪਣੇ ਬੈਂਕ ਖਾਤੇ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਜਾਰੀ ਰੱਖਣਾ ਚਾਹੁੰਦੇ ਹੋ ਤਾਂ 31 ਦਸੰਬਰ ਤੋਂ ਪਹਿਲਾਂ ਆਪਣੇ ਖਾਤੇ ਨੂੰ ਆਧਾਰ ਨਾਲ ਜੋੜਨਾ ਹੋਵੇਗਾ। ਬੈਂਕਾਂ ਨੇ ਕਿਹਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ 31 ਦਸੰਬਰ 2017 ਤਕ ਆਧਾਰ ਨਾਲ ਲਿੰਕ ਨਾ ਹੋਏ ਖਾਤੇ ਬਲਾਕ ਕਰ ਦਿੱਤੇ ਜਾਣਗੇ, ਯਾਨੀ ਤੁਸੀਂ ਲੈਣ-ਦੇਣ ਨਹੀਂ ਕਰ ਸਕੋਗੇ ਅਤੇ ਪ੍ਰੇਸ਼ਾਨ ਹੋਣਾ ਪਵੇਗਾ। ਜੇਕਰ ਬਿਨਾਂ ਪ੍ਰੇਸ਼ਾਨੀ ਦੇ ਬੈਂਕਿੰਗ ਲੈਣ-ਦੇਣ ਕਰਨਾ ਹੈ ਤਾਂ ਆਪਣੇ ਖਾਤੇ ਨੂੰ ਆਧਾਰ ਨਾਲ ਲਿੰਕ ਕਰਾ ਲਓ। ਬੈਂਕ ਦੇ ਗਾਹਕ ਆਪਣੇ ਏ. ਟੀ. ਐੱਮ., ਇੰਟਰਨੈੱਟ ਬੈਂਕਿੰਗ, ਮੋਬਾਇਲ ਬੈਂਕਿੰਗ ਸੈਂਟਰ, ਐੱਸ. ਐੱਮ. ਐੱਸ. ਅਤੇ ਬਰਾਂਚ 'ਚ ਜਾ ਕੇ ਖਾਤੇ ਨੂੰ ਆਧਾਰ ਨੰਬਰ ਨਾਲ ਲਿੰਕ ਕਰ ਸਕਦੇ ਹਨ। ਇੰਨਾ ਜ਼ਰੂਰ ਯਾਦ ਰੱਖੋ ਕਿ ਬੈਂਕ ਤੁਹਾਡੇ ਕੋਲੋਂ ਕੋਈ ਵੀ ਗੁਪਤ ਜਾਣਕਾਰੀ ਫੋਨ 'ਤੇ ਨਹੀਂ ਮੰਗਦਾ।
ਇਸ ਤਰੀਕ ਤਕ ਲਿੰਕ ਕਰਨਾ ਹੋਵੇਗਾ ਆਧਾਰ-ਸਿਮ
ਮੋਬਾਇਲ ਨੰਬਰ ਨੂੰ ਆਧਾਰ ਨੰਬਰ ਨਾਲ ਲਿੰਕ ਕਰਾਉਣਾ ਜ਼ਰੂਰੀ ਕੀਤਾ ਗਿਆ ਹੈ। ਇਸ ਲਈ 6 ਫਰਵਰੀ 2018 ਤੋਂ ਪਹਿਲਾਂ ਤੁਹਾਨੂੰ ਆਪਣਾ ਮੋਬਾਇਲ ਨੰਬਰ ਆਧਾਰ ਨਾਲ ਲਿੰਕ ਕਰਾਉਣਾ ਹੋਵੇਗਾ। ਸਰਕਾਰ ਦੀਆਂ ਹਦਾਇਤਾਂ ਮੁਤਾਬਕ, ਇਸ ਤਰੀਕ ਤਕ ਆਪਣੇ ਮੋਬਾਇਲ ਨੰਬਰ ਨੂੰ ਆਧਾਰ ਨਾਲ ਲਿੰਕ ਨਹੀਂ ਕਰਾਉਣ ਵਾਲੇ ਲੋਕਾਂ ਦਾ ਨੰਬਰ ਬੰਦ ਕਰ ਦਿੱਤਾ ਜਾਵੇਗਾ। ਅਸਲ ਵਿੱਚ ਸਰਕਾਰ ਅਜਿਹਾ ਫਰਜ਼ੀ ਪਛਾਣ 'ਤੇ ਮੋਬਾਇਲ ਨੰਬਰ ਲੈਣ ਵਾਲਿਆਂ 'ਤੇ ਨਕੇਲ ਕੱਸਣ ਲਈ ਕਰ ਰਹੀ ਹੈ। ਆਧਾਰ ਨਾਲ ਮੋਬਾਇਲ ਨੰਬਰ ਲਿੰਕ ਕਰਾਉਣ ਦੀ ਕੋਈ ਫੀਸ ਨਹੀਂ ਲੱਗਦੀ ਹੈ, ਇਹ ਪੂਰੀ ਤਰ੍ਹਾਂ ਮੁਫਤ ਹੈ।
ਇਕ ਤੋਂ ਵੱਧ ਹੈ ਸਿਮ ਤਾਂ ਕਿਵੇਂ ਹੋਵੇਗਾ ਆਧਾਰ ਲਿੰਕ
ਜਿਸ ਦੇ ਨਾਮ 'ਤੇ ਮੋਬਾਇਲ ਨੰਬਰ ਹੋਵੇਗਾ ਉਸ ਨੂੰ ਮੋਬਾਇਲ ਸਟੋਰ 'ਤੇ ਜਾਣਾ ਹੀ ਪਵੇਗਾ ਕਿਉਂਕਿ ਉਸ ਦੇ ਬਾਇਓਮੈਟਰਿਕ ਵੈਰੀਫਿਕੇਸ਼ਨ ਜ਼ਰੀਏ ਪ੍ਰੋਸੈਸ ਪੂਰਾ ਹੋਵੇਗਾ ਯਾਨੀ ਉਸ ਨੂੰ ਆਪਣਾ ਅੰਗੂਠਾ ਮਸ਼ੀਨ 'ਤੇ ਲਾਉਣਾ ਹੋਵੇਗਾ । ਇਸ 'ਚ ਸਿਰਫ 1-2 ਮਿੰਟ ਦਾ ਸਮਾਂ ਲੱਗਦਾ ਹੈ। ਜੇਕਰ ਕਿਸੇ  ਦੇ ਨਾਮ 'ਤੇ ਇੱਕ ਤੋਂ ਜ਼ਿਆਦਾ ਨੰਬਰ ਹਨ ਤਾਂ ਉਹ ਇਕ ਵਾਰ ਵਿੱਚ ਸਾਰੇ ਨੰਬਰਾਂ ਦਾ ਵੈਰੀਫਿਕੇਸ਼ਨ ਕਰਾ ਸਕਦਾ ਹੈ । ਜੇਕਰ ਘਰ ਦਾ ਕੋਈ ਦੂਜਾ ਮੈਂਬਰ ਕਿਸੇ ਇਕ ਮੈਂਬਰ ਦੇ ਨਾਮ 'ਤੇ ਜਾਰੀ ਮੋਬਾਇਲ ਨੰਬਰ ਦਾ ਇਸਤੇਮਾਲ ਕਰਦਾ ਹੈ ਤਾਂ ਇਸ ਵਿੱਚ ਕੋਈ ਮੁਸ਼ਕਿਲ ਨਹੀਂ ਹੈ ।