ਸੇਬੀ ਨੇ 9 ਇਕਾਈਆਂ ਨੂੰ 50 ਲੱਖ ਦਾ ਲਾਇਆ ਜੁਰਮਾਨਾ

02/16/2018 2:22:30 AM

ਨਵੀਂ ਦਿੱਲੀ- ਬਾਜ਼ਾਰ ਰੈਗੂਲੇਟਰੀ ਅਥਾਰਟੀ 'ਸੇਬੀ' ਨੇ ਕੱਪੜਾ ਕੰਪਨੀ ਐੱਸ. ਕੁਮਾਰਜ਼ ਦੀਆਂ ਦੇਸ਼ ਪੱਧਰੀ ਇਕਾਈਆਂ ਨੂੰ ਵੀਰਵਾਰ 50 ਲੱਖ ਰੁਪਏ ਦਾ ਜੁਰਮਾਨਾ ਕੀਤਾ। ਇਹ ਜੁਰਮਾਨਾ ਖੁਲਾਸਾ ਨਿਯਮਾਂ ਦੀ ਪਾਲਣਾ ਕਰਨ ਵਿਚ ਢਿੱਲ ਵਰਤਣ ਕਾਰਨ ਕੀਤਾ ਗਿਆ। ਸੇਬੀ ਮੁਤਾਬਕ 9 ਇਕਾਈਆਂ 'ਚ ਨਿਤਿਨ ਐੱਸ. ਕਸਲੀਵਾਲ, ਜੋਤੀ ਐੱਨ ਕਸਲੀਵਾਲ, ਅਜੰਨਯਾ ਹੋਰਡਿੰਗਜ਼, ਸੰਸਾਰ ਐਗਜ਼ਿਮ, ਤੁਲੀਜਾ ਐਂਟਰਪ੍ਰਾਈਜ਼ਿਜ਼, ਚਾਮੂਡੇਸ਼ਵਰੀ ਮਰਟਨ ਟਾਈਲ, ਵਰਵ ਪ੍ਰਾਪਰਟੀ ਐਂਡ ਇਨਵੈਸਟਮੈਂਟ ਅਤੇ ਇਨਜੇਨੀਅਸ ਫਾਈਨਾਂਸ ਐਂਡ ਇਨਵੈਸਟਮੈਂਟ ਹਨ।
ਐੱਸ. ਕੁਮਾਰਜ਼ ਦੇ ਸ਼ੇਅਰ ਹੋਲਡਰਾਂ ਦੀ ਜਾਂਚ ਦੌਰਾਨ ਸੇਬੀ ਨੇ ਨੋਟ ਕੀਤਾ ਕਿ 9 ਇਕਾਈਆਂ ਨੇ ਕੰਪਨੀ ਦੇ ਸ਼ੇਅਰਾਂ ਦੀ ਖਰੀਦ ਅਤੇ ਕੁਝ ਗਿਰਵੀ ਰੱਖੇ ਸੌਦਿਆਂ ਨੂੰ ਜਾਰੀ ਕਰਨ ਸਬੰਧੀ ਖੁਲਾਸਾ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਆਪਣੇ 27 ਪੰਨਿਆਂ ਦੇ ਹੁਕਮ ਵਿਚ ਸੇਬੀ ਨੇ ਇਹ ਗੱਲ ਵੀ ਨੋਟ ਕੀਤੀ ਕਿ 9 ਇਕਾਈਆਂ ਨੇ ਦਲੀਲ ਦਿੱਤੀ ਹੈ ਕਿ ਉਨ੍ਹਾਂ ਜਾਣਬੁੱਝ ਕੇ ਕੁਝ ਨਹੀਂ ਕੀਤਾ ਅਤੇ ਜੋ ਕੁਝ ਵੀ ਹੋਇਆ ਹੈ, ਉਹ ਤਕਨੀਕੀ ਜਾਂ ਪ੍ਰਸ਼ਾਸਨਿਕ ਭੁੱਲ ਹੈ।