ਬਾਬਾ ਰਾਮਦੇਵ ਨੂੰ ਝਟਕਾ, ਰੁਚੀ ਸੋਇਆ ਅਕਵਾਇਰਮੈਂਟ ਡੀਲ ਲਈ ਕਰਜ਼ਾ ਦੇਣ ਨੂੰ ਤਿਆਰ ਨਹੀਂ SBI

11/30/2019 10:41:26 AM

ਨਵੀਂ ਦਿੱਲੀ — ਪਤੰਜਲੀ ਆਯੁਰਵੇਦ ਵੱਲੋਂ ਰੁਚੀ ਸੋਇਆ ਨੂੰ ਖਰੀਦਣ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ ਹੈ। ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਨੇ ਖਾਣ ਵਾਲੇ ਤੇਲ ਬਣਾਉਣ ਵਾਲੀ ਕੰਪਨੀ ਨੂੰ ਖਰੀਦਣ ਨਾਲ ਜੁਡ਼ੀ ਡੀਲ ਲਈ ਪਤੰਜਲੀ ਆਯੁਰਵੇਦ ਨੂੰ ਇਕੱਲੇ ਫੰਡਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਇਸ ਡੀਲ ’ਚ ਬੈਂਕ ਵੱਲੋਂ 3700 ਕਰੋਡ਼ ਰੁਪਏ ਦਾ ਕਰਜ਼ਾ ਦਿੱਤਾ ਜਾਣਾ ਸੀ।

ਬੈਂਕ ਖਤਰਾ ਉਠਾਉਣ ਦੀ ਸਥਿਤੀ ’ਚ ਨਹੀਂ

ਐੱਸ. ਬੀ. ਆਈ. ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਅਸੀਂ ਫ਼ੈਸਲਾ ਕੀਤਾ ਹੈ ਕਿ ਇਸ ਸੌਦੇ ਨਾਲ ਜਿਨ੍ਹਾਂ ਹੋਰ ਬੈਂਕਾਂ ਨੂੰ ਫਾਇਦਾ ਹੋਣਾ ਹੈ, ਉਹ ਵੀ ਇਸ ਕਰਜ਼ੇ ’ਚ ਆਪਣੀ ਹਿੱਸੇਦਾਰੀ ਦੇਣ। ਐੱਸ. ਬੀ. ਆਈ. ਇਕੱਲੇ ਪੂਰਾ ਕਰਜ਼ਾ ਨਹੀਂ ਦੇਵੇਗੀ। ਪਤੰਜਲੀ ਇਕ ਬਹੁਰਾਸ਼ਟਰੀ ਕੰਪਨੀ ਨਹੀਂ ਹੈ ਅਤੇ ਇਸ ਦੀ ਵਿੱਤੀ ਹਾਲਤ ਬਾਰੇ ਵੀ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਹੈ, ਇਸ ਲਈ ਬੈਂਕ ਇਸ ਸਮੇਂ ਖਤਰਾ ਉਠਾਉਣ ਦੀ ਸਥਿਤੀ ’ਚ ਨਹੀਂ ਹੈ। ਐੱਸ. ਬੀ. ਆਈ. ਦੇ ਇਸ ਫ਼ੈਸਲੇ ਤੋਂ ਬਾਅਦ ਹੁਣ ਪਤੰਜਲੀ ਫੰਡ ਦੀ ਵਿਵਸਥਾ ਦੇ ਹੋਰ ਬਦਲਵੇਂ ਉਪਰਾਲਿਆਂ ’ਤੇ ਵਿਚਾਰ ਕਰ ਰਹੀ ਹੈ। ਦੱਸਣਯੋਗ ਹੈ ਕਿ ਕੰਪਨੀ ਦਾ ਇਹ ਸੌਦਾ 4350 ਕਰੋਡ਼ ਰੁਪਏ ਦਾ ਹੈ। ਇਸ ’ਚ ਕੰਪਨੀ 3700 ਕਰੋਡ਼ ਰੁਪਏ ਤੋਂ ਜ਼ਿਆਦਾ ਦਾ ਕਰਜ਼ਾ ਬੈਂਕਾਂ ਤੋਂ ਲੈਣਾ ਚਾਹੁੰਦੀ ਹੈ ਅਤੇ 600 ਕਰੋਡ਼ ਰੁਪਏ ਦਾ ਇੰਤਜ਼ਾਮ ਉਹ ਆਪਣੇ ਪੱਧਰ ’ਤੇ ਕਰੇਗੀ।

ਕੰਪਨੀ ’ਤੇ ਪਹਿਲਾਂ ਤੋਂ ਹੀ ਹੈ ਕਰਜ਼ੇ ਦਾ ਬੋਝ

ਦੱਸਣਯੋਗ ਹੈ ਕਿ ਕੰਪਨੀ ’ਤੇ ਪਹਿਲਾਂ ਤੋਂ ਕਰਜ਼ੇ ਦਾ ਬੋਝ ਹੈ। ਕੰਪਨੀ ’ਤੇ ਸੈਂਟਰਲ ਬੈਂਕ ਆਫ ਇੰਡੀਆ ਦਾ 816 ਕਰੋਡ਼, ਪੰਜਾਬ ਨੈਸ਼ਨਲ ਬੈਂਕ ਦਾ 743 ਕਰੋਡ਼, ਸਟੈਂਡਰਡ ਚਾਰਟਰਡ ਬੈਂਕ ਦਾ 608 ਕਰੋਡ਼ ਅਤੇ ਡੀ. ਬੀ. ਐੱਸ. ਦਾ 243 ਕਰੋਡ਼ ਰੁਪਏ ਕਰਜ਼ਾ ਹੈ। ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਕੰਸੋਰਟੀਅਮ ਅਕਵਾਇਰਮੈਂਟ ਪ੍ਰਾਈਵੇਟ ਲਿਮਟਿਡ ਨੇ ਕਰਜ਼ੇ ’ਚ ਡੁੱਬੀ ਰੁਚੀ ਸੋਇਆ ਨੂੰ ਖਰੀਦਣ ਲਈ 4325 ਕਰੋਡ਼ ਰੁਪਏ ਦੀ ਬੋਲੀ ਲਾਈ ਸੀ।

ਪਤੰਜਲੀ ਨੂੰ ਰੁਚੀ ਸੋਇਆ ਦੀ ਬੋਲੀ ਲਾਉਣ ਵੇਲੇ ਹੀ ਫੰਡਿੰਗ ਦਾ ਪ੍ਰਬੰਧ ਕਰਨਾ ਸੀ

ਸਰਕਾਰੀ ਬੈਂਕ ਦੇ ਇਕ ਅਧਿਕਾਰੀ ਦੇ ਮੁਤਾਬਕ ਐੱਸ. ਬੀ. ਆਈ. ਇਸ ਸੌਦੇ ਲਈ ਦੂਜੇ ਬੈਂਕਾਂ ਨੂੰ ਕਰਜ਼ਾ ਦੇਣ ’ਤੇ ਮਜਬੂਰ ਨਹੀਂ ਕਰ ਸਕਦਾ। ਇਹ ਵਪਾਰਕ ਫੈਸਲਾ ਹੈ। ਹਰ ਬੈਂਕ ਆਪਣੇ ਹਿੱਤ ਵੇਖ ਕੇ ਫੈਸਲਾ ਕਰੇਗਾ। ਉਹ ਦਿਨ ਗਏ ਜਦੋਂ ਦੂਜੇ ਬੈਂਕ ਐੱਸ. ਬੀ. ਆਈ. ਵਰਗੇ ਲੀਡ ਬੈਂਕ ਨੂੰ ਵੇਖ ਕੇ ਫੈਸਲਾ ਲੈਂਦੇ ਸਨ ਅਤੇ ਬੈਂਕ ਮਿਲ ਕੇ ਕਰਜ਼ਾ ਦਿੰਦੇ ਸਨ। ਹੁਣ ਹਰ ਕੋਈ ਆਪਣਾ ਫੈਸਲਾ ਲੈ ਰਿਹਾ ਹੈ। ਪਤੰਜਲੀ ਨੂੰ ਰੁਚੀ ਸੋਇਆ ਦੀ ਬੋਲੀ ਲਾਉਣ ਵੇਲੇ ਹੀ ਫੰਡਿੰਗ ਦਾ ਪ੍ਰਬੰਧ ਕਰਨਾ ਸੀ ਪਰ ਉਸ ਨੇ ਅਜਿਹਾ ਨਹੀਂ ਕੀਤਾ। ਜੇਕਰ ਸੌਦੇ ’ਤੇ ਗੱਲ ਨਾ ਬਣਦੀ ਤਾਂ ਬੈਂਕ ਕੰਪਨੀ ਵੱਲੋਂ ਦਿੱਤੀ ਗਈ ਗਾਰੰਟੀ ਭੁਨਾਉਣ ਦੀ ਸੋਚ ਸਕਦੇ ਹਨ।