1 ਜੁਲਾਈ ਤੋਂ SBI 'ਚ ਮਿਲੇਗਾ ਰੇਪੋ ਲਿੰਕਡ ਹੋਮ ਲੋਨ, ਜਾਣੋ ਕੀ ਹੈ ਫੰਡਾ

06/16/2019 2:33:45 PM

ਮੁੰਬਈ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਹੋਮ ਲੋਨ ਗਾਹਕਾਂ ਨੂੰ ਜਲਦ ਹੀ ਇਕ ਵੱਡੀ ਸੌਗਾਤ ਮਿਲਣ ਜਾ ਰਹੀ ਹੈ। ਹੁਣ ਇਨ੍ਹਾਂ ਗਾਹਕਾਂ ਨੂੰ MCLR ਜਾਂ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਰੇਪੋ ਦਰ ਨਾਲ ਜੁੜੇ ਕਿਸੇ ਵੀ ਹੋਮ ਲੋਨ ਨੂੰ ਚੁਣਨ ਦਾ ਬਦਲ ਮਿਲੇਗਾ। ਹੁਣ ਤਕ ਸਿਰਫ MCLR ਲਿੰਕਡ ਹੋਮ ਲੋਨ ਹੀ ਮਿਲ ਰਹੇ ਸਨ। ਇਸ ਨਵੀਂ ਵਿਵਸਥਾ ਤਹਿਤ ਗਾਹਕਾਂ ਨੂੰ ਐੱਸ. ਬੀ. ਆਈ. ਵੱਲੋਂ MCLR ਤੇ ਰੇਪੋ ਦਰ ਨਾਲ ਜੁੜੇ ਹੋਮ ਲੋਨ ਦੀ ਪੇਸ਼ਕਸ਼ ਕੀਤੀ ਜਾਵੇਗੀ ਤੇ ਗਾਹਕ ਮਰਜ਼ੀ ਨਾਲ ਜਿਸ ਬਦਲ ਨੂੰ ਚਾਹੇ ਚੁਣ ਸਕਦਾ ਹੈ।

 

ਕੀ ਹੈ ਰੇਪੋ ਦਰ ਦਾ ਫੰਡਾ?
ਭਾਰਤੀ ਸਟੇਟ ਬੈਂਕ ਦੇ ਹੋਮ ਲੋਨ ਦੀ ਦਰ ਸਿੱਧੇ ਰਿਜ਼ਰਵ ਬੈਂਕ ਦੀ ਰੋਪੋ ਦਰ ਦੇ ਨੰਬਰ ਨਾਲ ਨਹੀਂ ਜੁੜੀ ਹੋਵੇਗੀ। ਇਹ ਰੇਪੋ-ਲਿੰਕਡ ਲੈਂਡਿੰਗ ਰੇਟ (RLLR) ਤੋਂ 0.40-0.55 ਫੀਸਦੀ ਵੱਧ ਹੋਵੇਗੀ। RLLR ਰਿਜ਼ਰਵ ਬੈਂਕ ਦੀ ਰੇਪੋ ਦਰ ਤੋਂ 2.25 ਫੀਸਦੀ ਵੱਧ ਹੈ। ਇਸ ਵਕਤ ਰੇਪੋ ਦਰ 5.75 ਹੈ ਤੇ ਇਸ ਲਈ RLLR 8 ਫੀਸਦੀ ਹੈ। ਇਸ ਲਈ ਪ੍ਰਭਾਵੀ ਤੌਰ 'ਤੇ ਤੁਹਾਨੂੰ ਹੋਮ ਲੋਨ 8.40-8.55 ਫੀਸਦੀ ਦਰ 'ਤੇ ਮਿਲੇਗਾ।
ਮੌਜੂਦਾ ਸਮੇਂ MCLR ਲਿੰਕਡ ਹੋਮ ਲੋਨ ਦੀ ਦਰ 8.55 ਫੀਸਦੀ ਤੋਂ 9.10 ਫੀਸਦੀ ਵਿਚਕਾਰ ਹੈ, ਯਾਨੀ ਰੇਪੋ ਰੇਟ ਲਿੰਕਡ ਹੋਮ ਲੋਨ ਸਸਤਾ ਪਵੇਗਾ। ਹਾਲਾਂਕਿ ਰੇਪੋ ਰੇਟ-ਲਿੰਕਡ ਲੋਨ ਲੈਣ ਲਈ ਤੁਹਾਡੀ ਸਾਲਾਨਾ ਇਨਕਮ ਘੱਟੋ-ਘੱਟ 6 ਲੱਖ ਰੁਪਏ ਹੋਣੀ ਜ਼ਰੂਰੀ ਹੈ, ਨਾਲ ਹੀ ਜਿੰਨੀ ਰਾਸ਼ੀ ਤੁਸੀਂ ਬੈਂਕ 'ਚੋਂ ਹੋਮ ਲੋਨ ਲਈ ਚੁੱਕੋਗੇ ਉਸ ਦਾ 3 ਫੀਸਦੀ ਵਿਆਜ ਸਮੇਤ ਹਰ ਸਾਲ ਜਮ੍ਹਾ ਕਰਵਾਉਣਾ ਹੋਵੇਗਾ। ਉਦਾਹਰਣ ਲਈ 10 ਲੱਖ ਰੁਪਏ ਦਾ ਕਰਜ਼ਾ ਹੈ ਤਾਂ 30,000 ਰੁਪਏ ਵਿਆਜ ਸਮੇਤ ਹਰ ਸਾਲ ਚੁਕਾਉਣੇ ਹੋਣਗੇ, ਜਦੋਂ ਕਿ ਹਰ ਮਹੀਨੇ ਦੀ ਈ. ਐੱਮ. ਈ. ਵੱਖ ਤੋਂ ਹੋਵੇਗੀ।