SBI ਦਾ ਹੋਮ ਲੋਨ ਹੋਇਆ ਮਹਿੰਗਾ, ਇਸ ਤੋਂ ਪਹਿਲਾਂ FD 'ਤੇ ਘਟਾਈ ਸੀ ਵਿਆਜ ਦਰ

10/11/2019 11:13:52 AM

ਬੈਂਗਲੁਰੂ — ਸਟੇਟ ਬੈਂਕ ਆਫ ਇੰਡੀਆ ਹੁਣ ਹੋਮ ਲੋਨ(Home Loan), ਕਾਰਪੋਰੇਟ ਅਤੇ ਬਿਲਡਰਸ ਨੂੰ ਮਿਲਣ ਵਾਲੇ ਲੋਨ 'ਤੇ ਪ੍ਰੋਸੈਸਿੰਗ ਫੀਸ ਵਸੂਲ ਕਰੇਗਾ। ਇਸ ਤੋਂ ਇਲਾਵਾ ਬੈਂਕ ਵਲੋਂ ਜਾਰੀ ਇੰਟਰਨਲ ਸਰਕੂਲਰ ਮੁਤਾਬਕ ਫੈਸਟਿਵ ਆਫਰ ਦੀ ਸਮਾਂ ਮਿਆਦ 31 ਦਸੰਬਰ ਤੋਂ ਘਟਾ ਕੇ 15 ਅਕਤੂਬਰ ਕਰ ਦਿੱਤੀ ਗਈ ਹੈ।

ਘਟਾਈ ਗਈ ਹੈ ਫੈਸਟਿਵ ਆਫਰ ਦੀ ਸਮਾਂ ਮਿਆਦ

ਬੈਂਕ ਨੇ ਫੈਸਟਿਵ ਆਫਰ ਕੱਢਿਆ ਸੀ, ਜਿਸ ਦੇ ਮੁਤਾਬਕ 31 ਦਸੰਬਰ 2019 ਤੱਕ ਲਏ ਗਏ ਲੋਨ ਲਈ ਕੋਈ ਪ੍ਰੋਸੈਸਿੰਗ ਫੀਸ ਨਹੀਂ ਲੱਗੇਗੀ। ਪਰ ਤਾਜ਼ਾ ਸਰਕੂਲਰ ਮੁਤਾਬਕ ਹੁਣ 15 ਅਕਤੂਬਰ ਤੱਕ ਲੋਨ ਪ੍ਰਪੋਜ਼ਲ 'ਤੇ ਹੀ ਇਸ ਆਫਰ ਦਾ ਲਾਭ ਲਿਆ ਜਾ ਸਕਦਾ ਹੈ। ਉਸ ਤੋਂ ਬਾਅਦ ਦੇ ਲੋਨ ਪ੍ਰਪੋਜ਼ਲ 'ਤੇ ਆਫਰ ਦਾ ਲਾਭ ਨਹੀਂ ਲਿਆ ਜਾ ਸਕਦਾ ਹੈ। 

ਇਸ ਕਾਰਨ ਬੈਂਕ ਨੇ ਚੁੱਕਿਆ ਇਹ ਕਦਮ

ਬੈਂਕ ਨੇ ਅਜਿਹਾ ਆਪਣੀ ਲਗਾਤਾਰ ਘੱਟ ਹੋ ਰਹੀ ਕਮਾਈ ਕਾਰਨ ਕੀਤਾ ਹੈ। ਰਿਜ਼ਰਵ ਬੈਂਕ ਲਗਾਤਾਰ ਵਿਆਜ ਦਰਾਂ 'ਚ ਕਟੌਤੀ ਕਰ ਰਿਹਾ ਹੈ ਜਿਸ ਕਾਰਨ ਬੈਂਕਾਂ ਨੂੰ ਵੀ ਵਿਆਜ ਦੀਆਂ ਦਰਾਂ ਘਟਾਉਣੀਆਂ ਪੈ ਰਹੀਆਂ ਹਨ। ਇਸ ਕਾਰਨ ਉਨ੍ਹਾਂ ਦੀ ਵਿਆਜ ਨਾਲ ਹੋਣ ਵਾਲੀ ਕਮਾਈ ਵੀ ਘੱਟ ਗਈ ਹੈ।

1 ਜੁਲਾਈ ਤੋਂ ਰੇਪੋ ਰੇਟ ਨਾਲ ਜੁੜਿਆ ਲੋਨ ਰੇਟ

ਸਟੇਟ ਬੈਂਕ ਨੇ 1 ਜੁਲਾਈ 2019 ਨੂੰ ਲੋਨ ਦਰ ਨੂੰ ਰੇਪੋ ਰੇਟ ਨਾਲ ਜੋੜ ਦਿੱਤਾ ਸੀ। ਉਸ ਤੋਂ ਪਹਿਲਾਂ ਉਹ ਬਜ਼ਾਰ 'ਚ ਸਭ ਤੋਂ ਸਸਤਾ ਲੋਨ ਆਫਰ ਕਰ ਰਿਹਾ ਸੀ, ਪਰ ਰੇਪੋ ਰੇਟ ਨਾਲ ਜੋੜਣ ਦੇ ਬਾਅਦ ਹੋਰ ਜ਼ਿਆਦਾ ਘਟ ਗਿਆ ਹੈ। ਰਿਜ਼ਰਵ ਬੈਂਕ 2019 ਤੋਂ ਹੁਣ ਤੱਕ ਰੇਪੋ ਰੇਟ 'ਚ 85 ਬੇਸਿਸ ਪੁਆਇੰਟ ਦੀ ਕਟੌਤੀ ਕਰ ਚੁੱਕਾ ਹੈ। ਮਤਲਬ ਲੋਨ 'ਤੇ ਵਿਆਜ ਦਰ ਵੀ ਉਸੇ ਅਨੁਪਾਤ ਨਾਲ ਘੱਟ ਚੁੱਕੀ ਹੈ।

ਕਿੰਨੀ ਹੁੰਦੀ ਹੈ ਪ੍ਰੋਸੈਸਿੰਗ ਫੀਸ?

ਪ੍ਰੋਸੈਸਿੰਗ ਫੀਸ ਦੀ ਗੱਲ ਕਰੀਏ ਤਾਂ ਇਹ 0.40 ਫੀਸਦੀ ਹੁੰਦੀ ਹੈ। ਵਿਅਕਤੀਗਤ ਰਿਣਦਾਤਾ ਲਈ ਇਹ ਘੱਟੋ-ਘੱਟ 10 ਹਜ਼ਾਰ ਅਤੇ ਵਧ ਤੋਂ ਵਧ 30 ਹਜ਼ਾਰ ਤੱਕ ਹੋ ਸਕਦਾ ਹੈ। ਬਿਲਡਰਸ ਲਈ ਪ੍ਰੋਸੈਸਿੰਗ ਫੀਸ ਨੂੰ ਪਿਛਲੇ ਦਿਨੀਂ ਦੁਬਾਰਾ ਲਾਗੂ ਕੀਤਾ ਗਿਆ ਸੀ।

ਬੈਂਕ ਨੇ ਇਕ ਤੋਂ ਦੋ ਸਾਲ ਦੀ ਮਿਆਦ ਦੀ FD 'ਤੇ ਮਿਲਣ ਵਾਲੇ ਵਿਆਜ 'ਚ ਕਟੌਤੀ

ਇਸ ਤੋਂ ਪਹਿਲਾਂ ਕੱਲ੍ਹ ਯਾਨੀ ਕਿ ਵੀਰਵਾਰ ਨੂੰ ਬੈਂਕ ਨੇ ਸੀਨੀਅਰ ਸਿਟੀਜ਼ਨ ਨਾਗਰਿਕਾਂ ਲਈ ਫਿਕਸਡ ਡਿਪਾਜ਼ਿਟ(FD) ਨਿਵੇਸ਼ ਦਾ ਸਭ ਤੋਂ ਮਨਪਸੰਦ ਸਾਧਨ ਹੈ। ਪਰ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ ਨੇ ਇਕ ਤੋਂ ਦੋ ਸਾਲ ਦੀ ਮਿਆਦ ਦੀ FD 'ਤੇ ਮਿਲਣ ਵਾਲੇ ਵਿਆਜ 'ਚ ਕਟੌਤੀ ਕਰ ਦਿੱਤੀ ਹੈ। ਸੁਭਾਵਕ ਹੈ ਕਿ ਦੂਜੇ ਬੈਂਕ ਵੀ ਇਹ ਕਦਮ ਚੁੱਕ ਸਕਦੇ ਹਨ। ਜ਼ਿਕਰਯੋਗ ਹੈ ਕਿ ਸੀਨੀਅਰ ਨਾਗਰਿਕ ਅਤੇ ਰਿਟਾਇਰ ਹੋ ਚੁੱਕੇ ਨਾਗਰਿਕਾਂ ਦਾ ਖਰਚਾ FD ਦੇ ਵਿਆਜ 'ਤੇ ਨਿਰਭਰ ਹੁੰਦਾ ਹੈ, ਹੁਣ ਅਜਿਹੇ ਲੋਕਾਂ ਲਈ ਮੁਸ਼ਕਲ ਹੋ ਜਾਵੇਗੀ। 

ਸੀਨੀਅਰ ਨਾਗਰਿਕਾਂ 'ਤੇ ਪਵੇਗਾ ਇਸ ਦਾ ਅਸਰ

ਰਿਜ਼ਰਵ ਬੈਂਕ ਨੇ ਆਦੇਸ਼ ਦਿੱਤਾ ਸੀ ਕਿ ਬੈਂਕ ਵਿਆਜ ਦਰਾਂ ਨੂੰ MCLR ਨਾਲ ਨਹੀਂ ਸਗੋਂ ਰੈਪੋ ਰੇਟ ਨਾਲ ਜੋੜਣ। ਰੇਪੋ ਰੇਟ ਸਮੇਂ-ਸਮੇਂ 'ਤੇ ਬਦਲਦੀ ਰਹਿੰਦੀ ਹੈ, ਇਸ ਲਈ ਜਮ੍ਹਾ ਰਕਮ 'ਤੇ ਵਿਆਜ ਦਰ ਵੀ ਲਗਾਤਾਰ ਬਦਲਦੀ ਰਹੇਗੀ। ਜਮ੍ਹਾਂ ਦਰ ਘਟਾਉਣ ਦੇ ਬਾਅਦ 50 ਲੱਖ ਰੁਪਏ ਦੀ ਐਫ.ਡੀ. 'ਤੇ ਸਾਲ ਭਰ 'ਚ 5,000 ਰੁਪਏ ਘੱਟ ਵਿਆਜ ਮਿਲੇਗਾ। ਸਟੇਟ ਬੈਂਕ ਅਨੁਸਾਰ ਕਰੀਬ 4.1 ਕਰੋੜ ਸੀਨੀਅਰ ਸਿਟੀਜ਼ਨ ਦੇ FD ਖਾਤੇ 'ਚ ਕੁੱਲ 14 ਲੱਖ ਕਰੋੜ ਰੁਪਏ ਜਮ੍ਹਾ ਹਨ। ਹਾਲਾਂਕਿ ਇਸ ਦੀ ਭਰਪਾਈ ਲਈ ਕੇਂਦਰ ਸਰਕਾਰ ਸੀਨੀਅਰ ਨਾਗਰਿਕਾਂ ਨੂੰ ਰਾਹਤ ਦੇ ਸਕਦੀ ਹੈ ਅਤੇ ਉਨ੍ਹਾਂ ਲਈ ਮਹੱਤਵਪੂਰਨ ਕਦਮ ਚੁੱਕ ਸਕਦੀ ਹੈ। ਖਬਰਾਂ ਅਨੁਸਾਰ ਸਰਕਾਰ ਸੀਨੀਅਰ ਸੀਟੀਜ਼ਨਸ ਸੇਵਿੰਗ ਸਕੀਮ(SCSS) 'ਤੇ ਟੈਕਸ 'ਚ ਕਟੌਤੀ ਕਰ ਸਕਦੀ ਹੈ। ਇਸ ਸਕੀਮ ਦੇ ਤਹਿਤ 60 ਸਾਲ ਤੋਂ ਵਧ ਉਮਰ ਦੇ ਬਜ਼ੁਰਗ 15 ਲੱਖ ਰੁਪਏ ਤੱਕ ਜਮ੍ਹਾ ਕਰਵਾ ਸਕਦੇ ਹਨ।

ਸਟੇਟ ਬੈਂਕ ਨੇ ਘਟਾਈ ਵਿਆਜ ਦਰ

ਦੇਸ਼ ਦੇ ਸਭ ਤੋਂ ਵੱਡੇ ਸਟੇਟ ਬੈਂਕ ਆਫ ਇੰਡੀਆ ਨੇ ਬੁੱਧਵਾਰ ਨੂੰ ਲੋਨ 'ਤੇ ਵਿਆਜ ਦਰ ਘਟਾਉਣ ਦੇ ਨਾਲ-ਨਾਲ ਸੀਨੀਅਰ ਸੀਟੀਜ਼ਨ ਦੇ 1-2 ਸਾਲ ਦੀ ਮਿਆਦ ਵਾਲੀ ਬੈਂਕ ਐਫ.ਡੀ.'ਤੇ ਵੀ ਵਿਆਜ ਦਰ 7 ਫੀਸਦੀ ਤੋਂ ਘਟਾ ਕੇ 6.9 ਫੀਸਦੀ ਜਦੋਂਕਿ ਬਚਤ ਖਾਤੇ 'ਚ 1 ਲੱਖ ਰੁਪਏ ਤੱਕ ਜਮ੍ਹਾ ਰਕਮ 'ਤੇ ਵਿਆਜ ਦਰ 3.5 ਫੀਸਦੀ ਤੋਂ ਘਟਾ ਕੇ 3.25 ਫੀਸਦੀ ਕਰ ਦਿੱਤੀ ਹੈ। ਨਵੀਂ ਵਿਆਜ ਦਰ 10 ਅਕਤਬੂਰ ਤੋਂ ਲਾਗੂ ਹੋ ਗਈ ਹੈ।


Related News