SBI ''ਚ ਕੰਮ ਕਰਦੇ ਲੋਕਾਂ ਲਈ ਵੱਡੀ ਖ਼ਬਰ, ਬੈਂਕ ਸ਼ੁਰੂ ਕਰਨ ਜਾ ਰਿਹੈ VRS

09/06/2020 9:17:49 PM

ਨਵੀਂ ਦਿੱਲੀ— ਦੇਸ਼ ਦੇ ਸਭ ਤੋਂ ਵੱਡੇ ਵਪਾਰਕ ਬੈਂਕ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਲਾਗਤ ਘੱਟ ਕਰਨ ਲਈ ਸਵੈ-ਇਛੁੱਕ ਸੇਵਾਮੁਕਤੀ ਯੋਜਨਾ (ਵੀ. ਆਰ. ਐੱਸ.) ਤਿਆਰ ਕੀਤੀ ਹੈ।

ਬੈਂਕ ਦੇ ਲਗਭਗ 30,190 ਕਰਮਚਾਰੀ ਇਸ ਯੋਜਨਾ ਦੇ ਪਾਤਰ ਹਨ। ਮਾਰਚ 2020 ਤੱਕ ਦੇ ਡਾਟਾ ਮੁਤਾਬਕ ਐੱਸ. ਬੀ. ਆਈ. 'ਚ ਕਰਮਚਾਰੀਆਂ ਦੀ ਕੁੱਲ ਗਿਣਤੀ 2.49 ਲੱਖ ਹੈ, ਜੋ ਸਾਲ ਭਰ ਪਹਿਲਾਂ 2.57 ਲੱਖ ਸੀ। ਸੂਤਰਾਂ ਮੁਤਾਬਕ, ਬੈਂਕ ਨੇ ਵੀ. ਆਰ. ਐੱਸ. ਯੋਜਨਾ ਦਾ ਖਰੜਾ ਤਿਆਰ ਕਰ ਲਿਆ ਹੈ ਅਤੇ ਨਿਰਦੇਸ਼ਕ ਮੰਡਲ ਦੀ ਮਨਜ਼ੂਰੀ ਦੀ ਉਡੀਕ ਕੀਤੀ ਜਾ ਰਹੀ ਹੈ।

ਇਸ ਪ੍ਰਸਤਾਵਿਤ ਯੋਜਨਾ ਦਾ ਮਕਸਦ ਬੈਂਕ ਦੀ ਲਾਗਤ ਘਟਾਉਣਾ ਅਤੇ ਮਨੁੱਖੀ ਸਰੋਤਾਂ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਹੈ। ਇਹ ਯੋਜਨਾ ਹਰ ਉਹ ਪੱਕੇ ਕਰਮਚਾਰੀ ਲਈ ਹੈ, ਜਿਸ ਨੂੰ ਬੈਂਕ ਨਾਲ ਕੰਮ ਕਰਦੇ ਹੋਏ 25 ਸਾਲ ਹੋ ਚੁੱਕੇ ਹਨ ਜਾਂ ਜਿਨ੍ਹਾਂ ਦੀ ਉਮਰ 55 ਸਾਲ ਹੈ। ਯੋਜਨਾ 1 ਦਸੰਬਰ ਨੂੰ ਖੁੱਲ੍ਹੇਗੀ ਅਤੇ ਫਰਵਰੀ ਤੱਕ ਉਪਲਬਧ ਹੋਵੇਗੀ। ਉਸ ਪਿੱਛੋਂ ਵੀ. ਆਰ. ਐੱਸ. ਅਰਜ਼ੀ ਸਵੀਕਾਰ ਨਹੀਂ ਕੀਤੀ ਜਾਏਗੀ।

ਗ੍ਰੈਚੂਟੀ, ਪੈਨਸ਼ਨ, ਫੰਡ ਤੇ ਹੋਰ ਫਾਇਦੇ ਵੀ ਦੇਵੇਗਾ ਬੈਂਕ-
ਪ੍ਰਸਤਾਵਿਤ ਯੋਗਤਾ ਸ਼ਰਤਾਂ ਮੁਤਾਬਕ, ਬੈਂਕ 'ਚ ਕੰਮ ਕਰਦੇ 11,565 ਅਧਿਕਾਰੀ ਅਤੇ 18,625 ਕਰਮਚਾਰੀ ਯੋਜਨਾ ਦੇ ਪਾਤਰ ਹੋਣਗੇ। ਬੈਂਕ ਨੇ ਕਿਹਾ ਕਿ ਅੰਦਾਜ਼ਨ ਪਾਤਰ ਲੋਕਾਂ 'ਚੋਂ ਜੇਕਰ 30 ਫੀਸਦੀ ਨੇ ਯੋਜਨਾ ਦੀ ਚੋਣ ਕੀਤੀ ਤਾਂ ਜੁਲਾਈ 2020 ਦੀਆਂ ਤਨਖ਼ਾਹਾਂ ਦੇ ਹਿਸਾਬ ਨਾਲ ਬੈਂਕ ਨੂੰ 1,662.86 ਕਰੋੜ ਰੁਪਏ ਦੀ ਸ਼ੁੱਧ ਬਚਤ ਹੋਵੇਗੀ। ਯੋਜਨਾ ਨੂੰ ਚੁਣਨ ਵਾਲੇ ਕਰਮਚਾਰੀ ਨੂੰ ਬਚੇ ਕਾਰਜਕਾਲ ਦਾ 50 ਫੀਸਦੀ ਜਾਂ ਪਿਛਲੇ 18 ਮਹੀਨਿਆਂ 'ਚ ਉਨ੍ਹਾਂ ਨੂੰ ਮਿਲੀ ਕੁੱਲ ਤਨਖ਼ਾਹ 'ਚੋਂ ਜੋ ਘੱਟ ਹੋਵੇਗਾ ਉਸ ਦਾ ਇਕਮੁਸ਼ਤ ਭੁਗਤਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਗ੍ਰੈਚੂਟੀ, ਪੈਨਸ਼ਨ, ਫੰਡ ਅਤੇ ਡਾਕਟਰੀ ਲਾਭ ਵਰਗੀਆਂ ਸੁਵਿਧਾਵਾਂ ਵੀ ਮਿਲਣਗੀਆਂ।


Sanjeev

Content Editor

Related News