SBI ਦੇ ਹੋਮ ਲੋਨ ਗਾਹਕਾਂ ਨੂੰ ਤੋਹਫਾ, ਲਾਗੂ ਹੋਣ ਜਾ ਰਿਹੈ ਇਹ ਨਿਯਮ

06/08/2019 3:31:24 PM

ਮੁੰਬਈ—  ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਜਲਦ ਹੀ ਹੋਮ ਲੋਨ ਦਰਾਂ ਨੂੰ ਵੀ ਰੇਪੋ ਦਰ ਨਾਲ ਜੋੜਨ ਜਾ ਰਿਹਾ ਹੈ। ਪਹਿਲੀ ਜੁਲਾਈ ਤੋਂ ਐੱਸ. ਬੀ. ਆਈ. 'ਚ ਇਹ ਵਿਵਸਥਾ ਲਾਗੂ ਹੋ ਜਾਵੇਗੀ, ਯਾਨੀ ਹੋਮ ਲੋਨ ਦੀ ਵਿਆਜ ਦਰ ਪੂਰੀ ਤਰ੍ਹਾਂ ਰੇਪੋ ਦਰ 'ਤੇ ਨਿਰਭਰ ਹੋ ਜਾਵੇਗੀ।
 

ਇਸ ਸਾਲ ਮਈ ਤੋਂ ਐੱਸ. ਬੀ. ਆਈ. ਦੇ 1 ਲੱਖ ਰੁਪਏ ਤੋਂ ਉਪਰ ਵਾਲੇ ਬਚਤ ਖਾਤੇ, ਕੈਸ਼ ਕ੍ਰੈਡਿਟ (ਸੀ. ਸੀ.) ਅਤੇ ਓਵਰ ਡਰਾਫਟ (ਓ. ਡੀ.) ਖਾਤੇ ਹੀ ਰਿਜ਼ਰਵ ਬੈਂਕ ਦੀ ਰੇਪੋ ਦਰ ਨਾਲ ਲਿੰਕਡ ਸਨ। ਇਸ ਵਿਵਸਥਾ 'ਚ ਹੁਣ ਹੋਮ ਲੋਨ ਵੀ ਸ਼ਾਮਲ ਹੋਣ ਜਾ ਰਿਹਾ ਹੈ। ਇਸ ਲਈ ਸਪੱਸ਼ਟ ਹੈ ਕਿ ਰੇਪੋ ਦਰ ਬਦਲਣ ਨਾਲ ਐੱਸ. ਬੀ. ਆਈ. ਦੇ ਹੋਮ ਲੋਨ ਦੀਆਂ ਵਿਆਜ ਦਰਾਂ ਵੀ ਉਸੇ ਮੁਤਾਬਕ ਘਟਣ ਜਾਂ ਵਧਣਗੀਆਂ।

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਲਗਾਤਾਰ ਤਿੰਨ ਵਾਰ ਰੇਪੋ ਦਰ 'ਚ ਕੁੱਲ ਮਿਲਾ ਕੇ 0.75 ਫੀਸਦੀ ਦੀ ਕਟੌਤੀ ਕਰ ਚੁੱਕਾ ਹੈ ਤੇ ਹੁਣ ਉਸ ਦੀ ਰੇਪੋ ਦਰ 5.75 ਫੀਸਦੀ 'ਤੇ ਹੈ, ਜੋ ਨੌ ਸਾਲਾਂ 'ਚ ਸਭ ਤੋਂ ਘੱਟ ਦਰ ਹੈ। ਹੁਣ ਭਾਰਤੀ ਸਟੇਟ ਬੈਂਕ ਦੇ ਹੋਮ ਲੋਨ ਦੀ ਦਰ ਵੀ ਰੇਪੋ ਦਰ ਦੇ ਹਿਸਾਬ ਨਾਲ ਘਟੇਗੀ-ਵਧੇਗੀ ਤੇ ਇਸ ਦੇ ਸਥਿਰ ਰਹਿਣ ਨਾਲ ਐੱਸ. ਬੀ. ਆਈ. ਦੇ ਹੋਮ ਲੋਨ ਦੀ ਵਿਆਜ ਦਰ ਵੀ ਬਰਕਰਾਰ ਰਹੇਗੀ। ਹੁਣ ਕਿਉਂਕਿ ਰੇਪੋ ਦਰ ਘੱਟ ਹੋਈ ਹੈ ਇਸ ਲਈ ਹੋਮ ਲੋਨ ਗਾਹਕਾਂ ਦੀ ਈ. ਐੱਮ. ਈ. ਵੀ ਜੁਲਾਈ 'ਚ ਘੱਟ ਹੋ ਸਕਦੀ ਹੈ।