SBI ਵੱਲੋਂ FD ਦਰਾਂ 'ਚ ਭਾਰੀ ਕਟੌਤੀ, ਬੁੱਕ ਕਰਨ ਤੋਂ ਪਹਿਲਾਂ ਦੇਖੋ ਨਵੇਂ ਰੇਟ

01/14/2020 3:29:37 PM

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਫਿਕਸਡ ਡਿਪਾਜ਼ਿਟ (ਐੱਫ. ਡੀ.) ਦਰਾਂ 'ਚ ਹੋਰ ਕਮੀ ਕਰ ਦਿੱਤੀ ਹੈ। ਬੈਂਕ ਨੇ ਫਿਕਸਡ ਡਿਪਾਜ਼ਿਟ (ਐੱਫ. ਡੀ.) 'ਤੇ ਵਿਆਜ ਦਰਾਂ 'ਚ 0.15 ਫੀਸਦੀ ਦੀ ਕਟੌਤੀ ਕੀਤੀ ਹੈ। ਇਹ ਕਟੌਤੀ 1 ਸਾਲ ਦੀ ਐੱਫ. ਡੀ. ਤੋਂ ਲੈ ਕੇ 10 ਸਾਲ ਤਕ ਦੀ ਫਿਕਸਡ ਡਿਪਾਜ਼ਿਟ 'ਚ ਕੀਤੀ ਗਈ ਹੈ। ਹਾਲਾਂਕਿ, 7 ਦਿਨ ਤੋਂ ਲੈ ਕੇ 1 ਸਾਲ ਤੋਂ ਘੱਟ ਵਾਲੀ ਐੱਫ. ਡੀ. 'ਤੇ ਵਿਆਜ ਦਰਾਂ ਪਹਿਲਾਂ ਦੀ ਤਰ੍ਹਾਂ ਬਰਕਰਾਰ ਹਨ।
 

6 ਮਹੀਨੇ ਤੇ 1 ਸਾਲ ਤੋਂ ਘੱਟ 'ਚ ਪੂਰੀ ਹੋਣ ਵਾਲੀ ਐੱਫ. ਡੀ. ਲਈ ਵਿਆਜ ਦਰ 5.8 ਫੀਸਦੀ ਹੈ, ਜਦੋਂ ਕਿ ਹੁਣ ਇਕ ਸਾਲ ਤੋਂ ਲੈ ਕੇ 10 ਸਾਲ ਵਿਚਕਾਰ ਦੀ ਐੱਫ. ਡੀ. ਲਈ ਸਿਰਫ 6.10 ਫੀਸਦੀ ਵਿਆਜ ਹੀ ਮਿਲੇਗਾ, ਜੋ ਪਹਿਲਾਂ 6.25 ਫੀਸਦੀ ਮਿਲ ਰਿਹਾ ਸੀ।

ਭਾਰਤੀ ਸਟੇਟ ਬੈਂਕ ਨੇ ਸੀਨੀਅਰ ਸਿਟੀਜ਼ਨਸ ਨੂੰ ਵੀ ਝਟਕਾ ਦਿੱਤਾ ਹੈ। 60 ਸਾਲ ਤੋਂ ਵੱਧ ਦੀ ਉਮਰ ਵਾਲੇ ਬਜ਼ੁਰਗ ਨਾਗਰਿਕਾਂ ਨੂੰ ਹੁਣ ਐੱਸ. ਬੀ. ਆਈ. ਇਕ ਸਾਲ ਦੀ ਐੱਫ. ਡੀ. ਤੋਂ ਲੈ ਕੇ 10 ਸਾਲ ਦੀ ਐੱਫ. ਡੀ. ਕਰਵਾਉਣ 'ਤੇ ਸਿਰਫ 6.60 ਫੀਸਦੀ ਵਿਆਜ ਹੀ ਦੇ ਰਿਹਾ ਹੈ। ਇਸ ਤੋਂ ਪਹਿਲਾਂ ਇਹ ਦਰ 6.75 ਫੀਸਦੀ ਸੀ।

ਭਾਰਤੀ ਸਟੇਟ ਬੈਂਕ ਦੇਸ਼ ਦਾ ਸਭ ਤੋਂ ਵੱਡਾ ਵਪਾਰਕ ਬੈਂਕ ਹੈ ਇਸ ਵੱਲੋਂ ਐੱਫ. ਡੀ. ਦਰਾਂ 'ਚ ਕਟੌਤੀ ਕਰਨ ਨਾਲ ਹੁਣ ਬਾਕੀ ਬੈਂਕ ਵੀ ਇਹ ਕਦਮ ਚੁੱਕ ਸਕਦੇ ਹਨ। ਪਿਛਲੇ ਸਾਲ ਵੀ ਐੱਸ. ਬੀ. ਆਈ. ਨੇ ਐੱਫ. ਡੀ. ਦਰਾਂ 'ਚ ਧੜਾਧੜ ਕਮੀ ਕੀਤੀ ਸੀ। ਕੁੱਲ ਮਿਲਾ ਕੇ ਹੁਣ ਨਵਾਂ ਸਾਲ ਐੱਫ. ਡੀ. ਨਿਵੇਸ਼ਕਾਂ ਲਈ ਹੋਰ ਘਾਟੇ ਦਾ ਸੌਦਾ ਸਾਬਤ ਹੋਣ ਜਾ ਰਿਹਾ ਹੈ।