SBI ਦੀ ਸੌਗਾਤ, MCLR 'ਚ 0.10 ਫੀਸਦੀ ਦੀ ਕੀਤੀ ਕਟੌਤੀ

12/09/2019 1:42:35 PM

ਮੁੰਬਈ — ਭਾਰਤੀ ਸਟੇਟ ਬੈਂਕ ਦੇ ਗਾਹਕਾਂ ਲਈ ਇਕ ਰਾਹਤ ਭਰੀ ਖਬਰ ਹੈ। ਜਨਤਕ ਖੇਤਰ ਦੇ ਭਾਰਤੀ ਸਟੇਟ ਬੈਂਕ (SBI) ਨੇ ਫੰਡ ਦੀ ਸੀਮਾਂਤ ਲਾਗਤ ਅਧਾਰਤ ਕਰਜ਼ਾ ਦੇਣ ਦੀ ਦਰ (ਐਮਸੀਐਲਆਰ) ਵਿਚ 0.10 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ। ਇਸ ਤਾਜ਼ਾ ਕਟੌਤੀ ਨਾਲ ਇਕ ਸਾਲ ਦਾ ਸੀਮਾਂਤ ਲਾਗਤ ਅਧਾਰਤ ਲੋਨ ਦੀ ਦਰ(MCLR) 8 ਫੀਸਦੀ ਤੋਂ ਘੱਟ ਕੇ 7.90 ਫੀਸਦੀ ਸਾਲਾਨਾ ਰਹਿ ਜਾਵੇਗਾ। ਬੈਂਕ ਦੇ ਇਸ ਫੈਸਲੇ ਨਾਲ 42 ਕਰੋੜ ਗਾਹਕਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਹੁਣ ਉਨ੍ਹਾਂ ਨੂੰ ਸਸਤੇ ਲੋਨ ਮਿਲਣਗੇ। ਭਾਰਤੀ ਰਿਜ਼ਰਵ ਬੈਂਕ ਨੇ ਪਿਛਲੇ ਹਫ਼ਤੇ  ਮੁਦਰਾ ਸਮੀਖਿਆ 'ਚ ਨੀਤੀਗਤ ਦਰਾਂ ਨੂੰ 5.15 ਫੀਸਦੀ ਤੇ ਕਾਇਮ ਰੱਖਿਆ ਸੀ।

ਕੱਲ ਮੰਗਲਵਾਰ 10 Dec. ਤੋਂ ਲਾਗੂ ਹੋਣਗੀਆਂ ਨਵੀਂਆਂ ਦਰਾਂ

ਸਟੇਟ ਬੈਂਕ ਨੇ ਇਕ ਬਿਆਨ ਵਿਚ ਕਿਹਾ, 'ਫੰਡ ਦੀ ਘੱਟ ਰਹੀ ਲਾਗਤਰ ਦਾ ਲਾਭ ਗਾਹਕਾਂ ਨੂੰ ਦੇਣ ਲਈ ਅਸੀਂ ਐਮ.ਸੀ.ਐਲ.ਆਰ. 'ਚ 0.10 ਫੀਸਦੀ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ।'” ਹੁਣ ਨਵੀਂ ਇਕ ਸਾਲ ਦੀ ਫੰਡ ਦੀ ਸੀਮਾਂਤ ਲਾਗਤ ਅਧਾਰਤ ਉਧਾਰ ਦੇਣ ਦੀ ਦਰ 7.90 ਫੀਸਦੀ ਹੋਵੇਗੀ। ਮੌਜੂਦਾ ਸਮੇਂ 'ਚ ਇਹ ਅੱਠ ਪ੍ਰਤੀਸ਼ਤ ਹੈ। ਬੈਂਕ ਵਲੋਂ ਵਿਆਜ ਦਰਾਂ ਵਿਚ ਕਮੀ 10 ਦਸੰਬਰ 2019 ਤੋਂ ਲਾਗੂ ਹੋਵੇਗੀ।

ਲਗਾਤਾਰ ਅੱਠਵੀਂ ਵਾਰ ਕੀਤੀ ਕਟੌਤੀ

ਐਸਬੀਆਈ ਨੇ ਸੋਮਵਾਰ ਨੂੰ ਕਿਹਾ ਕਿ ਇਹ ਕਟੌਤੀ ਸਾਰੇ ਇਕ ਸਾਲ ਦੇ ਉਤਪਾਦਾਂ ਲਈ ਹੋਵੇਗੀ। ਚਾਲੂ ਵਿੱਤੀ ਸਾਲ ਵਿਚ ਸਟੇਟ ਬੈਂਕ ਨੇ ਐਮ.ਸੀ.ਐਲ.ਆਰ. ਵਿਚ ਲਗਾਤਾਰ ਅੱਠਵੀਂ ਵਾਰ ਕਟੌਤੀ ਕੀਤੀ ਹੈ। ਇਸ ਤੋਂ ਪਹਿਲਾਂ ਨਵੰਬਰ ਵਿਚ ਵੀ ਸਟੇਟ ਬੈਂਕ ਨੇ MCLR 'ਚ ਬਦਲਾਅ ਕੀਤਾ ਸੀ। ਉਸ ਸਮੇਂ ਸਟੇਟ ਬੈਂਕ ਨੇ ਇਕ ਸਾਲ ਦੇ MCLR 'ਚ ਪੰਜ ਬੀ.ਪੀ.ਐੱਸ. ਦੀ ਕਟੌਤੀ ਕੀਤੀ ਸੀ। ਜਿਸ ਤੋਂ ਬਾਅਦ ਇਹ ਦਰ 8.05 ਫੀਸਦੀ ਤੋਂ ਘੱਟ ਹੋ ਕੇ 8 ਫੀਸਦੀ ਹੋ ਗਈ ਸੀ।