SBI ਦੀ ਲੋਨ ''ਤੇ ਵੱਡੀ ਸੌਗਾਤ ਪਰ FD ਗਾਹਕਾਂ ਨੂੰ ਜ਼ੋਰ ਦਾ ਝਟਕਾ

09/09/2019 3:52:07 PM

ਨਵੀਂ ਦਿੱਲੀ— ਤਿਉਹਾਰੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਰਕਾਰੀ ਖੇਤਰ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਕਰਜ਼ ਦਰਾਂ 'ਚ 0.10 ਫੀਸਦੀ ਦੀ ਹੋਰ ਕਟੌਤੀ ਕਰ ਦਿੱਤੀ ਹੈ। ਬੈਂਕ ਵੱਲੋਂ ਇਹ ਮੌਜੂਦਾ ਵਿੱਤੀ ਸਾਲ 'ਚ ਤੀਜੀ ਵਾਰ ਕਟੌਤੀ ਕੀਤੀ ਗਈ ਹੈ। ਕਰਜ਼ ਦਰਾਂ 'ਚ ਕਟੌਤੀ ਮੰਗਲਵਾਰ ਤੋਂ ਪ੍ਰਭਾਵੀ ਹੋ ਜਾਵੇਗੀ। ਇਸ ਨਾਲ ਹੋਮ ਤੇ ਕਾਰ ਲੋਨ ਹੋਰ ਸਸਤੇ ਹੋ ਜਾਣਗੇ।

 


ਇਕ ਸਾਲ ਦੇ ਐੱਮ. ਸੀ. ਐੱਲ. ਆਰ. ਦੀ ਦਰ 8.25 ਫੀਸਦੀ ਤੋਂ ਘੱਟ ਕੇ 8.15 ਫੀਸਦੀ ਹੋ ਗਈ ਹੈ, ਜਿਸ ਨਾਲ ਲਗਭਗ ਸਾਰੇ ਤਰ੍ਹਾਂ ਦੇ ਪ੍ਰਚੂਨ ਕਰਜ਼ ਜੁੜੇ ਹੁੰਦੇ ਹਨ, ਯਾਨੀ ਇਹ ਘਟਣ ਨਾਲ ਤੁਹਾਡੇ ਫਲੋਟਿੰਗ ਦਰ ਵਾਲੇ ਲੋਨ ਦੀ ਈ. ਐੱਮ. ਆਈ. ਵੀ ਘੱਟ ਹੋ ਜਾਵੇਗੀ।


FD 'ਤੇ ਨਵੀਂ ਦਰ-
ਉੱਥੇ ਹੀ, ਭਾਰਤੀ ਸਟੇਟ ਬੈਂਕ ਨੇ ਫਿਕਸਡ ਡਿਪਾਜ਼ਿਟ (ਐੱਫ. ਡੀ.) ਦਰਾਂ 'ਚ 0.20 ਤੋਂ 0.25 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ। ਹੁਣ ਇਕ ਸਾਲ ਦੀ ਐੱਫ. ਡੀ. 'ਤੇ 10 ਸਤੰਬਰ ਤੋਂ 6.50 ਫੀਸਦੀ ਵਿਆਜ ਮਿਲੇਗਾ, ਜੋ ਇਸ ਤੋਂ ਪਹਿਲਾਂ 6.70 ਫੀਸਦੀ ਮਿਲ ਰਿਹਾ ਸੀ। ਸਟੇਟ ਬੈਂਕ ਵੱਲੋਂ ਫਿਕਸਡ ਡਿਪਾਜ਼ਿਟ ਦਰਾਂ 'ਚ ਇਹ ਲਗਾਤਾਰ ਤੀਜੀ ਵਾਰ ਕਟੌਤੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਇਸ ਨੇ 1 ਤੇ 26 ਅਗਸਤ ਨੂੰ ਐੱਫ. ਡੀ. ਦਰਾਂ 'ਚ ਕਮੀ ਕੀਤੀ ਸੀ। 2 ਸਾਲ ਤੋਂ 3 ਸਾਲ ਵਿਚਕਾਰ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਹੁਣ ਐੱਸ. ਬੀ. ਆਈ. 'ਚ 6.50 ਫੀਸਦੀ ਦੀ ਬਜਾਏ 6.25 ਫੀਸਦੀ ਵਿਆਜ ਮਿਲੇਗਾ।