ਭਾਰਤੀ ਸਟੇਟ ਬੈਂਕ ''ਚ ਹੁਣ ਲੱਖ ਰੁਪਏ ਤੋਂ ਵੱਧ ਜਮ੍ਹਾ ''ਤੇ ਘੱਟ ਮਿਲੇਗਾ ਰਿਟਰਨ

08/07/2019 3:25:42 PM

ਨਵੀਂ ਦਿੱਲੀ—  ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) 'ਚ ਬਚਤ ਖਾਤਾ ਹੈ ਤਾਂ ਤੁਹਾਨੂੰ ਅੱਜ ਤੋਂ ਉਸ 'ਤੇ ਮਿਲਣ ਵਾਲਾ ਵਿਆਜ ਘੱਟ ਹੋ ਜਾਵੇਗਾ। ਇਸ ਦਾ ਕਾਰਨ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੇ ਬੁੱਧਵਾਰ ਨੂੰ ਰੇਪੋ ਦਰ 0.35 ਫੀਸਦੀ ਘਟਾ ਦਿੱਤੀ ਹੈ ਤੇ ਐੱਸ. ਬੀ. ਆਈ. ਦੇ ਸਾਰੇ ਵੱਡੇ ਬਚਤ ਖਾਤੇ ਇਸ ਨਾਲ ਲਿੰਕਡ ਹਨ। 


ਇਕ ਲੱਖ ਰੁਪਏ ਤੋਂ ਵੱਧ ਦੀ ਜਮ੍ਹਾ ਰਾਸ਼ੀ 'ਤੇ ਸਿਰਫ 2.65 ਫੀਸਦੀ ਵਿਆਜ ਮਿਲੇਗਾ, ਜੋ ਪਹਿਲਾਂ 3 ਫੀਸਦੀ ਮਿਲ ਰਿਹਾ ਸੀ।ਹਾਲਾਂਕਿ ਇਕ ਲੱਖ ਰੁਪਏ ਤੋਂ ਘੱਟ ਜਮ੍ਹਾ ਰਾਸ਼ੀ ਵਾਲੇ ਬਚਤ ਖਾਤਿਆਂ 'ਤੇ ਪਹਿਲਾਂ ਦੀ ਤਰ੍ਹਾਂ ਹੀ 3.50 ਵਿਆਜ ਮਿਲਦਾ ਰਹੇਗਾ।
ਉੱਥੇ ਹੀ, ਜਿਨ੍ਹਾਂ ਦੀ ਕੈਸ਼ ਕ੍ਰੈਡਿਟ (ਸੀ. ਸੀ.) ਤੇ ਓਵਰ ਡਰਾਫਟ (ਓ. ਡੀ.) ਲਿਮਟ 1 ਲੱਖ ਰੁਪਏ ਤੋਂ ਉਪਰ ਹੈ, ਉਨ੍ਹਾਂ ਨੂੰ ਰਾਹਤ ਮਿਲਣ ਜਾ ਰਹੀ ਹੈ।ਇਨ੍ਹਾਂ 'ਤੇ ਵਿਆਜ ਦਰ 8 ਤੋਂ ਘੱਟ ਕੇ 7.65 ਫੀਸਦੀ ਹੋ ਜਾਵੇਗੀ। ਐੱਸ. ਬੀ. ਆਈ. ਗਾਹਕ ਦੀ ਰਿਸਕ ਪ੍ਰੋਫਾਇਲ ਦੇ ਆਧਾਰ 'ਤੇ ਇਹ ਦਰ ਚਾਰਜ ਕਰਦਾ ਹੈ, ਯਾਨੀ ਜੋ ਅਸਲ ਵਿਆਜ ਤੁਹਾਡੇ ਸੀ. ਸੀ. ਤੇ ਓ. ਡੀ. ਖਾਤੇ 'ਤੇ ਲੱਗੇਗਾ ਉਹ ਤੁਹਾਡੀ ਪ੍ਰੋਫਾਇਲ 'ਤੇ ਨਿਰਭਰ ਕਰੇਗਾ। ਭਾਰਤੀ ਸਟੇਟ ਬੈਂਕ ਨੇ ਇਸ ਸਾਲ ਮਈ ਤੋਂ ਇਕ ਲੱਖ ਰੁਪਏ ਤੋਂ ਉੱਪਰ ਵਾਲੇ ਕੈਸ਼ ਕ੍ਰੈਡਿਟ, ਓਵਰ ਡਰਾਫਟ ਅਤੇ ਇਕ ਲੱਖ ਰੁਪਏ ਤੋਂ ਵੱਧ ਜਮ੍ਹਾ ਰਾਸ਼ੀ ਵਾਲੇ ਵੱਡੇ ਖਾਤਿਆਂ 'ਤੇ ਵਿਆਜ ਦਰਾਂ ਨੂੰ ਰਿਜ਼ਰਵ ਬੈਂਕ ਦੀ ਰੇਪੋ ਦਰ ਨਾਲ ਲਿੰਕਡ ਕੀਤਾ ਸੀ। ਭਾਰਤੀ ਸਟੇਟ ਬੈਂਕ ਦੀ ਇਸ ਵਿਵਸਥਾ 'ਚ ਇਕ ਲੱਖ ਰੁਪਏ ਤੋਂ ਉਪਰ ਬੈਲੰਸ ਵਾਲੇ ਬਚਤ ਖਾਤੇ 'ਤੇ ਮਿਲਣ ਵਾਲਾ ਵਿਆਜ ਰੇਪੋ ਦਰ ਤੋਂ 2.75 ਫੀਸਦੀ ਘੱਟ ਮਿਲਦਾ ਹੈ। ਇਕ ਲੱਖ ਰੁਪਏ ਤੋਂ ਵੱਧ ਦੀ ਲਿਮਟ ਵਾਲੇ ਸੀ. ਸੀ. ਅਤੇ ਓ. ਡੀ. ਖਾਤੇ 'ਤੇ ਵਿਆਜ ਦਰ ਰੇਪੋ ਦਰ ਤੋਂ 2.25 ਫੀਸਦੀ ਵਧ ਲਾਉਣ ਦੀ ਵਿਵਸਥਾ ਹੈ। ਆਰ. ਬੀ. ਆਈ. ਨੇ ਰੇਪੋ ਦਰ 0.35 ਫੀਸਦੀ ਘਟਾ ਕੇ 5.40 ਫੀਸਦੀ ਕਰ ਦਿੱਤੀ ਹੈ, ਯਾਨੀ ਇਸ ਰੇਪੋ ਦਰ ਦੇ ਹਿਸਾਬ ਨਾਲ ਐੱਸ. ਬੀ. ਆਈ. ਦਰਾਂ 'ਚ ਵੀ ਬਦਲਾਵ ਹੋਵੇਗਾ।


Related News