ਕੇਂਦਰ ਦੀਆਂ ਯੋਜਨਾਵਾਂ ਵਿਚ DBT ਦੀ ਵਰਤੋਂ ਨਾਲ 27 ਅਰਬ ਡਾਲਰ ਦੀ ਬਚਤ

03/06/2023 6:53:46 PM

ਹੈਦਰਾਬਾਦ (ਭਾਸ਼ਾ) - ਆਰਥਿਕ ਮਾਮਲਿਆਂ ਦੇ ਸਕੱਤਰ ਅਜੇ ਸੇਠ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ’ਚ ਲਾਭਪਾਤਰੀਆਂ ਤੱਕ ‘ਪ੍ਰਤੱਖ ਲਾਭ ਟਰਾਂਸਫਰ’ (ਡੀ. ਬੀ. ਟੀ.) ਦੀ ਵਰਤੋਂ ਕਰ ਕੇ ਭਾਰਤ ਨੇ ਲੱਗਭੱਗ 27 ਅਰਬ ਡਾਲਰ ਦੀ ਬਚਤ ਕੀਤੀ ਹੈ । ਸੇਠ ਨੇ ‘ਵਿੱਤੀ ਇਨੋਵੇਸ਼ਨ ਲਈ ਕੌਮਾਂਤਰੀ ਸਾਂਝੇਦਾਰੀ’ ਦੀ ਇੱਥੇ ਆਯੋਜਿਤ ਦੂਜੀ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਲਾਭਪਾਤਰੀਆਂ ਦੇ ਖਾਤਿਆਂ ਵਿਚ ਸਿੱਧੇ ਰਕਮ ਭੇਜਣ ਦਾ ਕੰਮ ਡੀ. ਬੀ. ਟੀ. ਜ਼ਰੀਏ ਜਲਦ ਹੁੰਦਾ ਹੈ ਅਤੇ ਇਸ ਨਾਲ ਭ੍ਰਿਸ਼ਟਾਚਾਰ ਉੱਤੇ ਵੀ ਰੋਕ ਲੱਗਦੀ ਹੈ। ਇਸ ਤਰ੍ਹਾਂ ਵੱਡੀ ਰਾਸ਼ੀ ਬਚਾਉਣ ’ਚ ਮਦਦ ਮਿਲੀ ਹੈ। ਉਨ੍ਹਾਂ ਕਿਹਾ,“ਡੀ. ਬੀ. ਟੀ. ਟਰਾਂਸਫਰ ਦੇ ਸਿੱਧੇ ਅਤੇ ਬਹੁਤ ਜਲਦ ਹੋਣ ਨਾਲ ਇਨ੍ਹਾਂ ਵਿਚ ਭ੍ਰਿਸ਼ਟਾਚਾਰ ਹੋਣ ਜਾਂ ਫਰਜ਼ੀ ਲਾਭਪਾਤਰੀ ਹੋਣ ਦਾ ਖਦਸ਼ਾ ਬਹੁਤ ਘੱਟ ਹੋ ਜਾਂਦਾ ਹੈ। ਸਾਡਾ ਅਨੁਭਵ ਕਹਿੰਦਾ ਹੈ ਕਿ ਡੀ. ਬੀ. ਟੀ. ਨੇ ਕੇਂਦਰ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ’ਚ ਹੀ 27 ਅਰਬ ਡਾਲਰ ਤੋਂ ਜ਼ਿਆਦਾ ਦੀ ਬਚਤ ਕੀਤੀ ਹੈ।” ਸੇਠ ਨੇ ਕਿਹਾ ਕਿ ਭਾਰਤ ਦਾ ਡਿਜੀਟਲ ਜਨਤਕ ਢਾਂਚਾ (ਡੀ. ਪੀ. ਆਈ.) ਆਮ ਤੌਰ ’ਤੇ ਮਾਪਨ- ਯੋਗ, ਆਪਸ ਵਿਚ ਜੁੜਿਆ, ਨਵਿਆਉਣ ਦੇ ਅਨੁਕੂਲ ਅਤੇ ਇਨੋਵੇਟਿਵ ਹੈ। ਇਸ ਤਰ੍ਹਾਂ ਇਸ ਨੇ ਹਰ ਤਰ੍ਹਾਂ ਦੇ ਕਾਰੋਬਾਰੀ ਸੰਪਰਕਾਂ ਦਾ ਖਾਕਾ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ’ਚ ਡੀ. ਪੀ. ਆਈ. ਨਾਲ ਲੈਸ ਡੀ. ਬੀ. ਟੀ. ਲੱਖਾਂ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ’ਚ ਇਕ ਵਰਦਾਨ ਦੇ ਰੂਪ ’ਚ ਸਾਹਮਣੇ ਆਇਆ ਹੈ । ਸਰਕਾਰ ਡੀ. ਪੀ. ਆਈ. ਦੇ ਮਾਧਿਅਮ ਨਾਲ ਟੀਕਾਕਰਣ ਅਤੇ ਸਮਾਜਿਕ ਸੁਰੱਖਿਆ ਪ੍ਰਦਾਨ ਕਰ ਕੇ ਲੱਖਾਂ ਲੋਕਾਂ ਦੀ ਮਦਦ ਕਰ ਸਕੀ।

Harinder Kaur

This news is Content Editor Harinder Kaur