ਰਿਲਾਇੰਸ ''ਚ 20 ਫ਼ੀਸਦੀ ਹਿੱਸਾ ਲਵੇਗੀ ਸਾਊਦੀ ਅਰਾਮਕੋ

08/17/2021 5:33:54 PM

ਬੈਂਗਲੁਰੂ - ਸਾਊਦੀ ਅਰਾਮਕੋ ਭਾਰਤ ਵਿੱਚ ਇੱਕ ਨਿੱਜੀ ਖੇਤਰ ਦੀ ਪ੍ਰਮੁੱਖ ਕੰਪਨੀ ਰਿਲਾਇੰਸ ਇੰਡਸਟਰੀਜ਼ (ਆਰਆਈਐਲ) ਦੇ ਤੇਲ ਰਿਫਾਈਨਿੰਗ ਅਤੇ ਰਸਾਇਣਾਂ ਦੇ ਕਾਰੋਬਾਰ ਵਿੱਚ ਲਗਭਗ 20 ਪ੍ਰਤੀਸ਼ਤ ਹਿੱਸੇਦਾਰੀ ਖਰੀਦਣ ਲਈ ਗੱਲਬਾਤ ਕਰ ਰਹੀ ਹੈ। ਨਿਊਜ਼ ਏਜੰਸੀ ਬਲੂਮਬਰਗ ਨਿਊਜ਼ ਨੇ ਅੱਜ ਇੱਕ ਖਬਰ ਵਿੱਚ ਦੱਸਿਆ ਕਿ ਦੋਵਾਂ ਦਿੱਗਜਾਂ ਦਰਮਿਆਨ ਇਹ ਸੌਦਾ 20 ਤੋਂ 25 ਅਰਬ ਡਾਲਰ ਵਿੱਚ ਹੋ ਸਕਦਾ ਹੈ।

ਬਲੂਮਬਰਗ ਨੇ ਜਾਣਕਾਰੀ ਰੱਖਣ ਵਾਲੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਅਗਲੇ ਕੁਝ ਹਫਤਿਆਂ ਦਰਮਿਆਨ ਦੋਵੇਂ ਪੱਖ ਇਸ ਸੌਦੇ ਤੇ ਸਮਝੌਤਾ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਪੂਰਾ ਸੌਦਾ ਸ਼ੇਅਰਾਂ ਵਿਚ ਹੋਵੇਗਾ। ਇਸ ਤੋਂ ਪਹਿਲਾਂ 2019 ਵਿਚ ਰਿਲਾਇੰਸ ਇੰਡਸਟਰੀਜ਼ ਨੇ 2019 ਵਿਚ ਆਪਣੇ ਤੇਲ ਤੋਂ ਲੈ ਕੇ ਰਸਾਇਣ ਕਾਰੋਬਾਰ ਵਿਚ 20 ਫ਼ੀਸਦੀ ਹਿੱਸੇਦਾਰੀ ਸਾਊਦੀ ਅਰਾਮਕੋ ਨੂੰ 15 ਅਰਬ ਡਾਲਰ ਵਿਚ ਵੇਚਣ ਦਾ ਐਲਾਨ ਕੀਤਾ ਸੀ। ਪਰ ਕੋਰੋਨਾ ਲਾਗ ਕਾਰਨ ਤੇਲ ਦੀਆਂ ਕੀਮਤਾਂ ਜ਼ਮੀਨ 'ਤੇ ਆ ਗਈਆਂ ਅਤੇ ਦੁਨੀਆ ਭਰ ਵਿੱਚ ਤੇਲ ਦੀ ਮੰਗ ਘਟ ਗਈ ਅਤੇ ਸੌਦਾ ਰੁਕ ਗਿਆ। ਇਸ ਸਾਲ ਜੂਨ ਵਿੱਚ, ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਅਰਬਪਤੀ ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਉਮੀਦ ਜਤਾਈ ਸੀ ਕਿ ਇਸ ਸਾਲ ਦੇ ਅੰਤ ਤੱਕ ਸਾਊਦੀ ਅਰਾਮਕੋ ਨਾਲ ਸਾਂਝੇਦਾਰੀ ਨੂੰ ਰਸਮੀ ਰੂਪ ਦਿੱਤਾ ਜਾ ਸਕਦਾ ਹੈ।

ਅੰਬਾਨੀ ਨੇ ਇਹ ਵੀ ਕਿਹਾ ਸੀ ਕਿ ਅਰਾਮਕੋ ਦੇ ਚੇਅਰਮੈਨ ਯਾਸੀਰ ਅਲ-ਰੁਮਯਾਨ ਇੱਕ ਸੁਤੰਤਰ ਨਿਰਦੇਸ਼ਕ ਦੇ ਰੂਪ ਵਿੱਚ ਆਰ.ਆਈ.ਐਲ. ਦੇ ਬੋਰਡ ਵਿੱਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ, ਇਸ ਸੌਦੇ ਦੀ ਫਿਲਹਾਲ ਅਰਾਮਕੋ ਵੱਲੋਂ ਪੁਸ਼ਟੀ ਨਹੀਂ ਕੀਤੀ ਜਾ ਸਕੀ ਹੈ। ਰਿਲਾਇੰਸ ਇੰਡਸਟਰੀਜ਼ ਨੇ ਵੀ ਪ੍ਰਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਸੌਦੇ ਨਾਲ ਰਿਲਾਇੰਸ ਦੀ ਰਿਫਾਇਨਰੀ ਲਈ ਕੱਚੇ ਤੇਲ ਦੀ ਸਪਲਾਈ ਯਕੀਨੀ ਹੋ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur