ਸੈਮਸੰਗ ਨੇ 'ਕੋਰੋਨਾਵਾਇਰਸ' ਕਾਰਨ ਫੋਨ ਫੈਕਟਰੀ 'ਤੇ ਜੜ ਦਿੱਤਾ ਤਾਲਾ

02/23/2020 11:16:19 AM

ਸਿਓਲ— ਕੋਰੋਨਾਵਾਇਰਸ ਦਾ ਖਤਰਾ ਮੋਬਾਇਲ ਫੋਨਾਂ ਦੀ ਲਾਗਤ 'ਚ ਵਾਧਾ ਕਰ ਸਕਦਾ ਹੈ, ਕਿਉਂਕਿ ਚੀਨ ਤੋਂ ਕੰਪੋਨੈਂਟਸ ਦੀ ਸਪਲਾਈ 'ਚ ਕਮੀ ਨਾਲ ਪਹਿਲਾਂ ਹੀ ਨਿਰਮਾਤਾ ਜੂਝ ਰਹੇ ਹਨ। ਉੱਥੇ ਹੀ, ਵਿਸ਼ਵ ਦੀ ਚੋਟੀ ਦੀ ਮੋਬਾਇਲ ਨਿਰਮਾਤਾ ਕੰਪਨੀ ਸੈਮਸੰਗ ਇਲੈਕਟ੍ਰਾਨਿਕਸ ਨੇ ਵੀ 24 ਫਰਵਰੀ ਤੱਕ ਲਈ ਦੱਖਣੀ ਕੋਰੀਆ 'ਚ ਆਪਣੀ ਫੋਨ ਫੈਕਟਰੀ ਬੰਦ ਕਰ ਦਿੱਤੀ ਹੈ। ਇਸ ਦਾ ਕਾਰਨ ਹੈ ਕਿ ਸੈਮਸੰਗ ਦੀ ਦੱਖਣੀ ਕੋਰੀਆ ਦੇ ਗੁਮੀ ਸ਼ਹਿਰ 'ਚ ਸਥਿਤ ਫੋਨ ਫੈਕਟਰੀ 'ਚ ਇਕ ਕੋਰੋਨਾਵਾਇਰਸ ਮਾਮਲੇ ਦੀ ਪੁਸ਼ਟੀ ਹੋਈ ਹੈ।

 

ਕੰਪਨੀ ਨੇ ਵਰਕਰਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਜਿਸ ਫਲੋਰ 'ਤੇ ਸੰਕਰਮਿਤ ਕਰਮਚਾਰੀ ਕੰਮ ਕਰਦਾ ਸੀ ਉਹ 25 ਫਰਵਰੀ ਦੀ ਸਵੇਰ ਤੱਕ ਬੰਦ ਰਹੇਗਾ। ਹਾਲਾਂਕਿ, ਸੈਮਸੰਗ ਨੇ ਕਿਹਾ ਕਿ ਦੱਖਣੀ ਕੋਰੀਆ 'ਚ ਉਸ ਦੀ ਚਿਪ ਤੇ ਡਿਸਪਲੇਅ ਫੈਕਟਰੀਆਂ ਪ੍ਰਭਾਵਿਤ ਨਹੀਂ ਹਨ, ਇਨ੍ਹਾਂ 'ਚ ਕੰਮ ਚੱਲ ਰਿਹਾ ਹੈ। ਗੁਮੀ ਪਲਾਂਟ 'ਚ ਸੈਮਸੰਗ ਹਾਈ ਐਂਡ ਫੋਨਾਂ ਦਾ ਨਿਰਮਾਣ ਕਰਦੀ ਹੈ, ਜਿਨ੍ਹਾਂ 'ਚ 'ਗਲੈਕਸੀ ਜ਼ੈਡ ਫਲਿੱਪ' ਅਤੇ ਗਲੈਕਸੀ ਫੋਲਡ ਵਰਗੇ ਫੋਲਡੇਬਲ ਫੋਨ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਵਾਇਰਸ ਕਾਰਨ ਦਿੱਕਤਾਂ ਦਾ ਸਾਹਮਣਾ ਕਰਨ ਵਾਲੀ ਇਕੱਲੀ ਸੈਮਸੰਗ ਹੀ ਨਹੀਂ ਹੈ, ਯੂ. ਐੱਸ. ਦੀ ਦਿੱਗਜ ਕੰਪਨੀ APPLE ਨੇ ਵੀ ਪ੍ਰਾਡਕਸ਼ਨ ਸੀਮਤ ਹੋਣ ਕਾਰਨ ਆਈਫੋਨ ਦੀ ਕਮੀ ਹੋਣ ਦੀ ਚਿਤਾਵਨੀ ਦਿੱਤੀ ਹੈ।
ਦੱਖਣੀ ਕੋਰੀਆ 'ਚ ਸ਼ਨੀਵਾਰ ਨੂੰ ਕੋਰੋਨਾਵਾਇਰਸ ਕਾਰਨ ਦੂਜੀ ਮੌਤ ਹੋਈ ਹੈ। ਉੱਥੇ ਹੀ, ਨਵੇਂ ਮਾਮਲਿਆਂ ਦੀ ਗਿਣਤੀ 229 ਵੱਧ ਗਈ ਹੈ, ਜਿਸ ਨਾਲ ਦੇਸ਼ ਭਰ 'ਚ ਕੁੱਲ ਗਿਣਤੀ 433 'ਤੇ ਪਹੁੰਚ ਗਈ ਹੈ। ਇਹ ਚੀਨ ਤੋਂ ਬਾਹਰ ਦੂਜਾ ਸਭ ਤੋਂ ਵੱਡਾ ਮਾਮਲਾ ਹੈ।