ਪਹਿਲੇ ਨਰਾਤੇ ਹੌਂਡਾ ਦੋਪਹੀਆ ਵਾਹਨਾਂ ਦੀ ਹੋਈ ਰਿਕਾਰਡਤੋੜ ਵਿਕਰੀ

09/23/2017 11:52:43 PM

ਨਵੀਂ ਦਿੱਲੀ-ਤਿਉਹਾਰਾਂ ਦੇ ਆਉਂਦਿਆਂ ਹੀ ਪੂਰੇ ਦੇਸ਼ 'ਚ ਖੁਸ਼ੀਆਂ-ਖੇੜੇ ਨੱਚਣ ਲੱਗ ਜਾਂਦੇ ਹਨ। ਬਾਜ਼ਾਰਾਂ 'ਚ ਹਰ ਤਰ੍ਹਾਂ ਦੇ ਦੁਕਾਨਦਾਰਾਂ ਦੀ ਚਾਂਦੀ ਹੋਣ ਲੱਗਦੀ ਹੈ। ਸਾਮਾਨ ਦੀ ਵਿਕਰੀ ਇੱਥੋਂ ਤੱਕ ਵਧ ਜਾਂਦੀ ਹੈ ਕਿ ਕਈ ਵਾਰ ਕੁਝ ਪੁਰਾਣੇ ਰਿਕਾਰਡ ਟੁੱਟਦੇ ਹਨ ਤੇ ਕੁਝ ਨਵੇਂ ਰਿਕਾਰਡ ਬਣਦੇ ਹਨ। ਇਸੇ ਤਰ੍ਹਾਂ ਹੀ ਇਸ ਵਾਰ ਪਹਿਲੇ ਨਰਾਤੇ ਵਾਹਨ ਨਿਰਮਾਤਾ ਕੰਪਨੀ ਹੌਂਡਾ ਦੇ ਦੋਪਹੀਆ ਵਾਹਨਾਂ ਦੀ ਵਿਕਰੀ 122 ਫੀਸਦੀ ਵਧ ਕੇ 50,000 ਦੇ ਅੰਕੜੇ ਨੂੰ ਪਾਰ ਕਰ ਗਈ। 
 ਕੰਪਨੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਨੇਸ਼ ਚਤੁਰਥੀ ਅਤੇ ਓਣਮ ਦੌਰਾਨ ਦੋਪਹੀਆ ਵਾਹਨਾਂ ਦੀ ਜ਼ਬਰਦਸਤ ਵਿਕਰੀ ਹੋਈ। ਇਸ ਤੋਂ ਬਾਅਦ ਹੁਣ ਨਰਾਤੇ ਦੇ ਪਹਿਲੇ ਦਿਨ ਵੀ ਵਾਹਨਾਂ ਦੀ ਰਿਕਾਰਡਤੋੜ ਵਿਕਰੀ ਹੋਈ ਹੈ। ਕੰਪਨੀ ਨੇ ਨਰਾਤੇ ਦੇ ਪਹਿਲੇ ਹੀ ਦਿਨ 'ਚ 52,000 ਇਕਾਈਆਂ ਵੇਚੀਆਂ। ਉਥੇ ਹੀ ਪਿਛਲੇ ਸਾਲ ਕੰਪਨੀ ਨੇ ਇਸ ਦਿਨ 23,702 ਵਾਹਨ ਵੇਚੇ ਸਨ। ਕਈ ਮਹੀਨੇ ਪਹਿਲਾਂ ਕੰਪਨੀ ਵੱਲੋਂ ਸ਼ੁਰੂ ਕੀਤੀਆਂ ਗਈਆਂ ਤਿਉਹਾਰਾਂ ਦੀਆਂ ਤਿਆਰੀਆਂ 'ਤੇ ਗੱਲ ਕਰਦਿਆਂ ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਪ੍ਰਾਈਵੇਟ ਲਿਮਟਿਡ 'ਚ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਯਾਦਵਿੰਦਰ ਸਿੰਘ ਗੁਲੇਰੀਆ ਨੇ ਕਿਹਾ ਕਿ ਨਵੀਂ ਐਸੰਬਲੀ ਲਾਈਨ (ਕਰਨਾਟਕ ਪਲਾਂਟ 'ਚ) ਦੀ ਸ਼ੁਰੂਆਤ ਕਾਰਨ ਤਿਉਹਾਰਾਂ ਤੋਂ ਠੀਕ ਪਹਿਲਾਂ ਹੌਂਡਾ ਦਾ ਉਤਪਾਦਨ 50,000 ਇਕਾਈ ਪ੍ਰਤੀ ਮਹੀਨਾ ਵਧ ਗਿਆ ਹੈ। ਇਸ ਨਾਲ ਸਾਡੇ ਡੀਲਰ ਤਿਉਹਾਰਾਂ ਦੀ ਮੰਗ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। 
ਨਾਲ ਹੀ ਹੌਂਡਾ ਦੀ ਨੈੱਟਵਰਕ ਵਿਸਤਾਰ ਰਣਨੀਤੀ, 360 ਡਿਗਰੀ ਮਾਰਕੀਟਿੰਗ ਮੁਹਿੰਮਾਂ ਅਤੇ ਨਵੇਂ ਮਾਡਲਾਂ ਦੇ ਲਾਂਚ ਤੇ ਤਿਉਹਾਰਾਂ ਦੇ ਮੌਕੇ ਪੇਸ਼ ਕੀਤੀਆਂ ਗਈਆਂ ਵਿਸ਼ੇਸ਼ ਪੇਸ਼ਕਸ਼ਾਂ ਕਾਰਨ 2017 ਦੇ ਤਿਉਹਾਰਾਂ 'ਚ ਵਿਕਰੀ ਦੇ ਅੰਕੜੇ ਰਿਕਾਰਡ ਵਾਧਾ ਦਰਜ ਕਰਨਗੇ। ਹਰ ਤਿਉਹਾਰ 'ਚ ਸਾਡੇ ਖਰੀਦਦਾਰਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਹੈ ਫਿਰ ਭਾਵੇਂ ਉਹ ਗਨੇਸ਼ ਚਤੁਰਥੀ ਹੋਵੇ, ਓਣਮ ਹੋਵੇ ਜਾਂ ਨਰਾਤਿਆਂ ਦੀ ਸ਼ੁਰੂਆਤ।