ਲਗਜ਼ਰੀ ਕਾਰਾਂ ਦੀ ਹੋਵੇਗੀ ਧਮਾਲ, ਟੁੱਟੇਗਾ 2015 ਦਾ ਇਹ ਰਿਕਾਰਡ

11/21/2017 1:14:19 PM

ਨਵੀਂ ਦਿੱਲੀ— ਪਿਛਲੇ ਸਾਲ ਠੰਡੀ ਪਈ ਲਗਜ਼ਰੀ ਕਾਰਾਂ ਦੀ ਸੇਲ ਇਸ ਵਾਰ 2015 ਦੇ ਰਿਕਾਰਡ ਨੂੰ ਤੋੜ ਸਕਦੀ ਹੈ। 2015 'ਚ 36,000 ਕਾਰਾਂ ਨਾਲ ਲਗਜ਼ਰੀ ਕਾਰਾਂ ਦਾ ਬਾਜ਼ਾਰ ਗਰਮ ਰਿਹਾ ਸੀ ਪਰ ਇਸ ਸਾਲ ਸੇਲ ਹੋਰ ਵੀ ਵਧਣ ਦੀ ਉਮੀਦ ਹੈ। ਇੰਡਸਟਰੀ ਦਾ ਮੰਨਣਾ ਹੈ ਕਿ ਬੀਤੇ ਕੁਝ ਮਹੀਨਿਆਂ 'ਚ ਲਗਜ਼ਰੀ ਕਾਰਾਂ ਦੀ ਵਿਕਰੀ ਦੀ ਜਾਰੀ ਰਫਤਾਰ ਆਖਰੀ ਤਿੰਨ ਮਹੀਨਿਆਂ 'ਚ ਵੀ ਬਣੀ ਰਹੇਗੀ। ਇਸ ਸਾਲ ਲਗਜ਼ਰੀ ਕਾਰਾਂ ਦਾ ਬਾਜ਼ਾਰ 40,000 ਦਾ ਵਿਕਰੀ ਅੰਕੜਾ ਪਾਰ ਕਰ ਸਕਦਾ ਹੈ। ਇਸ ਵਾਰ ਨਵੇਂ ਲਾਂਚ ਅਤੇ ਬਿਹਤਰ ਕੰਜ਼ਿਊਮਰ ਸੈਂਟੀਮੈਂਟ ਦੇ ਦਮ 'ਤੇ ਲਗਜ਼ਰੀ ਕਾਰਾਂ ਦੀ ਵਿਕਰੀ ਫਰਾਟਾ ਭਰ ਰਹੀ ਹੈ। 2015 'ਚ ਲਗਜ਼ਰੀ ਕਾਰਾਂ ਦੀ ਵਿਕਰੀ 13 ਫੀਸਦੀ ਵਧ ਕੇ 36,000 'ਤੇ ਪਹੁੰਚੀ ਸੀ, ਜਦੋਂ ਕਿ 2016 'ਚ ਇਹ ਵਿਕਰੀ ਘੱਟ ਕੇ 33,000 'ਤੇ ਆ ਗਈ। ਦਰਅਸਲ, ਦਿੱਲੀ ਐੱਨ. ਸੀ. ਆਰ. 'ਚ ਵੱਡੀਆਂ ਡੀਜ਼ਲ ਕਾਰਾਂ 'ਤੇ ਲੱਗੀ ਰੋਕ, ਇਨਫਰਾ ਸੈੱਸ ਅਤੇ ਨੋਟਬੰਦੀ ਦੇ ਮੱਦੇਨਜ਼ਰ ਬਾਜ਼ਾਰ 'ਤੇ ਬੁਰਾ ਅਸਰ ਪਿਆ।
ਮਰਸੀਡੀਜ਼ ਬੈਂਜ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਰੋਨਾਲਡ ਫੋਲਗਰ ਨੇ ਕਿਹਾ ਕਿ ਹੁਣ ਬਾਜ਼ਾਰ 'ਚ ਹਾਲਾਤ ਸਹੀ ਹਨ ਅਤੇ ਕੰਪਨੀ ਮਜ਼ਬੂਤ ਅੰਕੜਿਆਂ ਦੇ ਨਾਲ ਇਹ ਸਾਲ ਪੂਰਾ ਹੋਣ ਦੀ ਉਮੀਦ ਕਰ ਰਹੀ ਹੈ। ਫਲੋਗਰ ਨੇ ਕਿਹਾ ਕਿ ਇਹ ਵੀ ਬਹੁਤ ਮੁਸ਼ਕਿਲ ਸਾਲ ਸੀ। ਕੁਝ ਨੋਟਬੰਦੀ ਦਾ ਅਸਰ ਰਿਹਾ ਅਤੇ ਜੀ. ਐੱਸ. ਟੀ. ਨੂੰ ਲੈ ਕੇ ਪੈਦਾ ਹੋਏ ਖਦਸ਼ਿਆਂ ਨੇ ਵੀ ਇਸ 'ਤੇ ਅਸਰ ਪਾਇਆ। ਹਾਲਾਂਕਿ ਜੇਕਰ ਸਭ ਕੁਝ ਸਾਡੀਆਂ ਯੋਜਨਾਵਾਂ ਮੁਤਾਬਕ ਹੋਇਆ ਤਾਂ ਅਸੀਂ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਚੰਗਾ ਪ੍ਰਦਰਸ਼ਨ ਕਰਾਂਗੇ। ਸਾਲ ਦੇ ਸ਼ੁਰੂਆਤੀ ਨੌ ਮਹੀਨਿਆਂ 'ਚ ਮਰਸੀਡੀਜ਼ ਦੀ ਵਿਕਰੀ ਵਧ ਕੇ 11,869 ਯੂਨਿਟ 'ਤੇ ਪਹੁੰਚ ਗਈ ਹੈ।
ਉੱਥੇ ਹੀ, ਬੀ. ਐੱਮ. ਡਬਲਿਊ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਇਸ ਸਾਲ ਸਤੰਬਰ ਤਕ ਕੰਪਨੀ ਦੀ ਵਿਕਰੀ 17.3 ਫੀਸਦੀ ਵਧ ਕੇ 7,138 ਯੂਨਿਟ ਤਕ ਪਹੁੰਚ ਗਈ ਹੈ। ਇੰਡਸਟਰੀ ਦੇ ਅੰਦਾਜ਼ਿਆਂ ਮੁਤਾਬਕ, ਇਸ ਸਾਲ ਜਨਵਰੀ ਤੋਂ ਸਤੰਬਰ ਤਕ ਦੇਸ਼ 'ਚ ਤਕਰੀਬਨ 30,000 ਲਗਜ਼ਰੀ ਕਾਰਾਂ ਦੀ ਵਿਕਰੀ ਹੋਈ ਹੈ। ਸਵੀਡਨ ਦੀ ਲਗਜ਼ਰੀ ਕਾਰ ਕੰਪਨੀ ਵਾਲਵੋ ਦੀ ਸੇਲ ਵੀ 2017 'ਚ 25 ਫੀਸਦੀ ਵਧ ਕੇ 2,000 'ਤੇ ਪਹੁੰਚ ਸਕਦੀ ਹੈ। ਦੱਸਣਯੋਗ ਹੈ ਕਿ ਵਾਲਵੋ ਨੇ ਇਸੇ ਸਾਲ ਦੇਸ਼ 'ਚ ਆਪਣਾ ਨਿਰਮਾਣ ਪਲਾਂਟ ਸ਼ੁਰੂ ਕੀਤਾ ਹੈ।