ਸਰਕਾਰੀ ਸਟੀਲ ਕੰਪਨੀ ਨੂੰ ਦਸੰਬਰ ਤਿਮਾਹੀ ''ਚ 1468 ਕਰੋੜ ਰੁ: ਦਾ ਮੁਨਾਫਾ

01/30/2021 3:54:17 PM

ਨਵੀਂ ਦਿੱਲੀ- ਜਨਤਕ ਖੇਤਰ ਦੀ ਇਸਪਾਤ ਕੰਪਨੀ ਭਾਰਤੀ ਸਟੀਲ ਅਥਾਰਟੀ ਲਿ. (ਸੇਲ) ਨੇ ਦਸੰਬਰ 2020 ਵਿਚ ਖ਼ਤਮ ਹੋਈ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਵਿਚ 1,468 ਕਰੋੜ ਰੁਪਏ ਦਾ ਏਕੀਕ੍ਰਿਤ ਸ਼ੁੱਧ ਮੁਨਾਫਾ ਕਮਾਇਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ ਕੰਪਨੀ 343.57 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ। ਮੁੱਖ ਤੌਰ 'ਤੇ ਆਮਦਨੀ ਵਧਣ ਨਾਲ ਦੇਸ਼ ਦੀ ਪ੍ਰਮੁੱਖ ਇਸਪਾਤ ਕੰਪਨੀ ਮੁਨਾਫੇ ਵਿਚ ਪਰਤੀ ਹੈ।

ਬੀ. ਐੱਸ. ਈ. ਨੂੰ ਸ਼ੁੱਕਰਵਾਰ ਰਾਤ ਦਿੱਤੀ ਜਾਣਕਾਰੀ ਵਿਚ ਕੰਪਨੀ ਨੇ ਕਿਹਾ ਕਿ ਤਿਮਾਹੀ ਦੌਰਾਨ ਉਸ ਦੀ ਕੁੱਲ ਆਮਦਨ ਵੱਧ ਕੇ 19,997.31 ਕਰੋੜ ਰੁਪਏ 'ਤੇ ਪਹੁੰਚ ਗਈ, ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ਵਿਚ 16,714.87 ਕਰੋੜ ਰੁਪਏ ਰਹੀ ਸੀ।

ਦਸੰਬਰ ਤਿਮਾਹੀ ਵਿਚ ਕੰਪਨੀ ਦਾ ਕੁੱਲ ਖ਼ਰਚ 16,406.81 ਕਰੋੜ ਰੁਪਏ ਰਿਹਾ, ਜੋ ਇਸ ਤੋਂ ਪਿਛਲੇ ਸਾਲ ਦੀ ਇਸੇ ਤਿਮਾਹੀ ਵਿਚ 17,312.64 ਕਰੋੜ ਰੁਪਏ ਸੀ। ਸੇਲ ਨੇ ਕਿਹਾ ਕਿ ਤਿਮਾਹੀ ਦੌਰਾਨ ਉਸ ਦਾ ਕੱਚੇ ਇਸਪਾਤ ਦਾ ਉਤਪਾਦਨ ਨੌ ਫ਼ੀਸਦੀ ਵੱਧ ਕੇ 43.7 ਲੱਖ ਟਨ 'ਤੇ ਪਹੁੰਚ ਗਿਆ। ਇਸ ਤੋਂ ਇਲਾਵਾ ਵਿਕਰੀ ਵਾਲੇ ਸਟੀਲ ਦਾ ਉਤਪਾਦਨ 6 ਫ਼ੀਸਦੀ ਵੱਧ ਕੇ 41.5 ਲੱਖ ਟਨ ਰਿਹਾ। ਇਸਪਾਤ ਮੰਤਰਾਲਾ ਤਹਿਤ ਆਉਣ ਵਾਲੀ ਸੇਲ ਦੇਸ਼ ਦੀ ਸਭ ਤੋਂ ਵੱਡੀ ਸਟੀਲ ਕੰਪਨੀ ਹੈ। ਕੰਪਨੀ ਦੀ ਸਥਾਪਤ ਸਮਰੱਥਾ 2.1 ਕਰੋੜ ਟਨ ਸਾਲਾਨਾ ਦੀ ਹੈ।

Sanjeev

This news is Content Editor Sanjeev