ਸਚਿਨ ਬਾਂਸਲ ਨੇ ਨਿੱਜੀ ਖੇਤਰ ਦੀ ਕੰਪਨੀ ''ਚ 739 ਕਰੋੜ ਦਾ ਕੀਤਾ ਨਿਵੇਸ਼, ਬਣਨਗੇ ਸੀ.ਈ.ਓ.

09/26/2019 10:28:14 AM

ਨਵੀਂ ਦਿੱਲੀ — ਫਲਿੱਪਕਾਰਟ ਦੇ ਸਹਿ-ਸੰਸਥਾਪਕ ਸਚਿਨ ਬਾਂਸਲ ਨੇ ਨਾਨ-ਬੈਂਕਿੰਗ ਫਾਇਨਾਂਸ ਕੰਪਨੀ ਚੈਤਨਿਆ ਰੂਰਲ ਇੰਟਰਮੀਡੀਏਸ਼ਨ ਡਵੈਲਪਮੈਂਟ ਸਰਵਿਸਿਜ਼ 'ਚ 739 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਬਾਂਸਲ ਚੈਤਨਿਆ ਰੂਰਲ ਇੰਟਰਮੀਡੀਏਸ਼ਨ ਡਵੈਲਪਮੈਂਟ ਸਰਵਿਸਿਜ਼ ਦੇ ਸੀ.ਈ.ਓ. ਵੀ ਬਣਨਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਓਲਾ ਅਤੇ ਬਾਊਂਸ ਵਰਗੀਆਂ ਕਈ ਸਟਾਰਟ ਅੱਪ ਕੰਪਨੀਆਂ 'ਚ ਨਿਵੇਸ਼ ਕੀਤਾ ਹੈ। ਸੁਮਿਤ ਸ਼ੈਟੀ ਅਤੇ ਆਨੰਦ ਰਾਵ ਦੋਵੇਂ ਮੌਜੂਦਾ ਕਾਰੋਬਾਰੀ ਸੈਗਮੈਂਟ ਦੇ ਵਿਸਥਾਰ ਦਾ ਕੰਮ ਸੰਭਾਲਦੇ ਰਹਿਣਗੇ। ਕੰਪਨੀ ਦੇ ਪ੍ਰਬੰਧਨ 'ਚ ਜ਼ਿਆਦਾ ਬਦਲਾਅ ਨਹੀਂ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਸੁਮਿਤ ਸ਼ੈੱਟੀ ਅਤੇ ਆਨੰਦ ਰਾਓ ਕੰਪਨੀ ਦੇ ਸੰਸਥਾਪਕ ਹਨ। ਇਹ ਨਿੱਜੀ ਖੇਤਰ ਦੀ ਕਰਜ਼ਾ ਦੇਣ ਵਾਲੀ ਕੰਪਨੀ ਹੈ। ਕੰਪਨੀ ਦਾ ਜ਼ਿਆਦਾਤਰ ਕਾਰੋਬਾਰ ਮਾਈਕ੍ਰੋਫਾਇਨਾਂਸ ਦਾ ਹੈ। ਬਾਂਸਲ ਨੇ ਕਿਹਾ ਕਿ ਇਸ ਰਲੇਵੇਂ ਦੇ ਨਾਲ ਅਸੀਂ ਵਿੱਤੀ ਸੇਵਾ 'ਚ ਪ੍ਰਵੇਸ਼ ਕੀਤਾ ਹੈ। ਕੰਪਨੀ ਦੋ ਪਹੀਆ ਵਾਹਨਾਂ, ਮਕਾਨ, ਛੋਟੇ ਕਾਰੋਬਾਰੀਆਂ ਅਤੇ ਸਿੱਖਿਆ ਲਈ ਲੋਨ ਦਿੰਦੀ ਹੈ। ਇਸ ਦਾ ਕਾਰੋਬਾਰ ਕਰਨਾਟਕ, ਬਿਹਾਰ, ਝਾਰਖੰਡ, ਮਹਾਰਸ਼ਟਰ ਅਤੇ ਉੱਤਰ ਪ੍ਰਦੇਸ਼ 'ਚ ਫੈਲਿਆ ਹੋਇਆ ਹੈ।