BPCL ਲਈ ਬੋਲੀ ਲਾ ਸਕਦੀ ਹੈ ਰੂਸ ਦੀ ਸਭ ਤੋਂ ਵੱਡੀ ਤੇਲ ਕੰਪਨੀ ਰੋਸਨੇਫਟ

02/06/2020 10:08:21 AM

ਨਵੀਂ ਦਿੱਲੀ— ਰੂਸ ਦੀ ਸਭ ਤੋਂ ਵੱਡੀ ਤੇਲ ਉਤਪਾਦਕ ਕੰਪਨੀ ਰੋਸਨੇਫਟ ਭਾਰਤ ਦੀ ਜਨਤਕ ਖੇਤਰ ਦੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਦੀ ਖਰੀਦ ਲਈ ਬੋਲੀ ਲਾ ਸਕਦੀ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਆਈਗਾਰ ਸੇਚਿਨ ਨੇ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨਾਲ ਮੁਲਾਕਾਤ ਕੀਤੀ। ਬੈਠਕ ਤੋਂ ਬਾਅਦ ਸੂਤਰਾਂ ਨੇ ਦੱਸਿਆ ਕਿ ਕੰਪਨੀ ਬੀ. ਪੀ. ਸੀ. ਐੱਲ. ਲਈ ਬੋਲੀ ਲਾਉਣ ਦੀ ਇੱਛਾ ਰੱਖਦੀ ਹੈ।

 

ਰੋਸਨੇਫਟ ਕੋਲ ਭਾਰਤ ਦੀ ਨਿੱਜੀ ਖੇਤਰ ਦੀ ਦੂਜੀ ਸਭ ਤੋਂ ਵੱਡੀ ਤੇਲ ਰਿਫਾਈਨਰੀ ’ਚ ਬਹੁਮਤ ਹਿੱਸੇਦਾਰੀ ਹੈ। ਕੰਪਨੀ ਦੀ ਇੱਛਾ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਬਾਜ਼ਾਰ ’ਚ ਆਪਣਾ ਵਿਸਤਾਰ ਕਰਨ ਦੀ ਹੈ। ਇਸ ਬੈਠਕ ਦੇ ਬਾਰੇ ਜਾਣਕਾਰੀ ਰੱਖਣ ਵਾਲੇ ਇਕ ਅਧਿਕਾਰੀ ਨੇ ਦੱਸਿਆ ਕਿ ਸੇਚਿਨ ਨੇ ਪਹਿਲਾਂ ਪ੍ਰਧਾਨ ਨਾਲ ਨਾਸ਼ਤੇ ’ਤੇ ਮੁਲਾਕਾਤ ਕੀਤੀ। ਉਸ ਤੋਂ ਬਾਅਦ ਉਨ੍ਹਾਂ ਦੀ ਪ੍ਰਧਾਨ ਨਾਲ ਪ੍ਰਤੀਨਿਧੀ ਮੰਡਲ ਪੱਧਰੀ ਗੱਲਬਾਤ ਹੋਈ। ਇਸ ਗੱਲਬਾਤ ’ਚ ਉਨ੍ਹਾਂ ਨੇ ਬੀ. ਪੀ. ਸੀ. ਐੱਲ. ’ਚ ਸਰਕਾਰ ਦੀ ਹਿੱਸੇਦਾਰੀ ਦੇ ਖਰੀਦਣ ਦੀ ਇੱਛਾ ਜਤਾਈ। ਸਰਕਾਰ ਬੀ. ਪੀ. ਸੀ. ਐੱਲ. ’ਚ ਆਪਣੀ ਸਮੁੱਚੀ 53 ਫੀਸਦੀ ਹਿੱਸੇਦਾਰੀ ਵੇਚਣ ਜਾ ਰਹੀ ਹੈ। ਇਹ ਦੇਸ਼ ਦੀ ਨਿੱਜੀਕਰਨ ਦੇ ਖੇਤਰ ’ਚ ਵੱਡੀ ਪਹਿਲ ਹੋਵੇਗੀ। ਅਧਿਕਾਰੀ ਨੇ ਦੱਸਿਆ ਕਿ ਬੀ. ਪੀ. ਸੀ. ਐੱਲ. ਲਈ ਪੱਛਮ ਏਸ਼ੀਆ ਦੀਆਂ ਵੱਡੀਆਂ ਕੰਪਨੀਆਂ ਉਦਾਹਰਣ ਦੇ ਤੌਰ ’ਤੇ ਸਾਊਦੀ ਅਰਬ ਦੀ ਅਰਾਮਕੋ ਅਤੇ ਸੰਯੁਕਤ ਅਰਬ ਅਮੀਰਾਤ ਦੀ ਐਡਨਾਕ ਵੀ ਬੋਲੀ ਲਾ ਸਕਦੀਆਂ ਹਨ। ਸੇਚਿਨ ਇੱਥੇ ਭਾਰਤ ਦੀ ਜਨਤਕ ਖੇਤਰ ਦੀ ਰਿਫਾਈਨਰੀ ਦੇ ਨਾਲ ਰੈਗੂਲਰ ਤੌਰ ’ਤੇ ਕੱਚੇ ਤੇਲ ਦੀ ਸਪਲਾਈ ਲਈ ਹੋਣ ਵਾਲੇ ਪਹਿਲੇ ਸੌਦੇ ਦੇ ਮੌਕੇ ਇੱਥੇ ਆਏ ਹਨ। ਉਨ੍ਹਾਂ ਭਾਰਤ ’ਚ ਹੋਰ ਨਿਵੇਸ਼ ਕਰਨ ਦੀ ਇੱਛਾ ਜਤਾਈ।


Related News