ਰੁਪਏ 'ਚ ਵੱਡੀ ਗਿਰਾਵਟ, ਵਿਦੇਸ਼ ਜਾਣਾ ਹੋਵੇਗਾ ਮਹਿੰਗਾ!

12/11/2018 9:22:47 AM

ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਗਵਰਨਰ ਉਰਜਿਤ ਪਟੇਲ ਵੱਲੋਂ ਦਿੱਤੇ ਅਸਤੀਫੇ ਮਗਰੋਂ ਰੁਪਏ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਮੰਗਲਵਾਰ ਦੇ ਕਾਰੋਬਾਰ 'ਚ ਡਾਲਰ ਦੇ ਮੁਕਾਬਲੇ ਰੁਪਿਆ 1.13 ਰੁਪਏ ਦੀ ਵੱਡੀ ਗਿਰਾਵਟ ਨਾਲ 72.40 ਦੇ ਪੱਧਰ 'ਤੇ ਖੁੱਲ੍ਹਾ ਹੈ। ਸੋਮਵਾਰ ਨੂੰ ਇਕ ਡਾਲਰ ਦੀ ਕੀਮਤ 71.33 ਰੁਪਏ 'ਤੇ ਬੰਦ ਹੋਈ ਸੀ। ਇਸ ਤਰ੍ਹਾਂ ਇਕ ਹੀ ਸੈਸ਼ਨ 'ਚ ਰੁਪਏ 'ਚ 1.5 ਫੀਸਦੀ ਦੀ ਵੱਡੀ ਗਿਰਾਵਟ ਦਰਜ ਹੋਈ ਹੈ।

ਇਸ ਦਾ ਮਤਲਬ ਹੈ ਕਿ ਦਸੰਬਰ 'ਚ ਇਸ ਹਫਤੇ ਤੁਹਾਡੀ ਵਿਦੇਸ਼ ਯਾਤਰਾ ਮਹਿੰਗੀ ਰਹਿਣ ਵਾਲੀ ਹੈ। ਇਕ ਡਾਲਰ ਖਰੀਦਣ ਲਈ ਤਕਰੀਬਨ-ਤਕਰੀਬਨ 73 ਰੁਪਏ ਦੇਣੇ ਪੈਣਗੇ। ਇਸ ਨਾਲ ਵਿਦੇਸ਼ 'ਚ ਪੜ੍ਹਾਈ ਲਈ ਗਏ ਵਿਦਿਆਰਥੀਆਂ ਦੀ ਫੀਸ 'ਤੇ ਬੋਝ ਵਧੇਗਾ, ਨਾਲ ਹੀ ਵਿਦੇਸ਼ ਯਾਤਰਾ ਦਾ ਪਲਾਨ ਬਣਾ ਰਹੇ ਲੋਕਾਂ ਦੀ ਜੇਬ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਢਿੱਲੀ ਹੋਵੇਗੀ। 
ਉੱਥੇ ਹੀ ਇਸ ਦੌਰਾਨ ਕੈਨੇਡਾ ਦਾ ਡਾਲਰ ਵੀ 53.95 ਰੁਪਏ 'ਤੇ ਦੇਖਣ ਨੂੰ ਮਿਲਿਆ। ਆਸਟ੍ਰੇਲੀਆਈ ਡਾਲਰ ਦੀ ਕੀਮਤ ਵੀ 52.09 ਰੁਪਏ ਹੋ ਗਈ। ਅਮਰੀਕੀ ਡਾਲਰ ਦੇ ਮੁਕਾਬਲੇ ਬੀਤੇ ਕਾਰੋਬਾਰੀ ਦਿਨ ਵੀ ਰੁਪਏ 'ਚ ਗਿਰਾਵਟ ਦਰਜ ਕੀਤੀ ਗਈ ਸੀ। ਸ਼ੁੱਕਰਵਾਰ ਦੇ ਮੁਕਾਬਲੇ ਸੋਮਵਾਰ ਨੂੰ ਰੁਪਿਆ 54 ਪੈਸੇ ਟੁੱਟ ਕੇ 71.33 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ।