ਲਾਕਡਾਊਨ ਵਿਚਕਾਰ ਇੰਨੀ ਹੋ ਗਈ ਡਾਲਰ ਦੀ ਕੀਮਤ, ਜੇਬ ਹੋ ਜਾਵੇਗੀ ਭਾਰੀ

04/05/2020 7:47:21 AM

ਮੁੰਬਈ : ਡਾਲਰ ਦੀ ਕੀਮਤ ਭਾਰਤੀ ਕਰੰਸੀ ਦੇ ਮੁਕਾਬਲੇ ਹੁਣ 75 ਰੁਪਏ ਤੋਂ ਵੀ ਪਾਰ ਨਿਕਲ ਗਈ ਹੈ। ਵਿਸ਼ਵ ਪੱਧਰ 'ਤੇ ਦੁਨੀਆ ਦੀਆਂ ਮੁੱਖ ਕਰੰਸੀਆਂ ਦੀ ਤੁਲਨਾ ਵਿਚ ਡਾਲਰ ਵਿਚ ਮਜਬੂਤੀ ਦੇ ਨਾਲ ਹੀ ਘਰੇਲੂ ਪੱਧਰ 'ਤੇ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਵਧਣ ਕਾਰਨ ਬੀਤੇ ਹਫਤੇ ਸਟਾਕਸ ਬਾਜ਼ਾਰ ਵਿਚ ਭਾਰੀ ਗਿਰਾਵਟ ਰਹੀ। ਇਸ ਤੋਂ ਕਰੰਸੀ ਬਾਜ਼ਾਰ ਵੀ ਪ੍ਰਭਾਵਿਤ ਰਿਹਾ। ਸ਼ੁੱਕਰਵਾਰ ਨੂੰ ਭਾਰਤੀ ਕਰੰਸੀ 53 ਪੈਸੇ ਡਿੱਗ ਕੇ 76.13 ਰੁਪਏ ਪ੍ਰਤੀ ਡਾਲਰ 'ਤੇ ਆ ਗਈ, ਯਾਨੀ ਹੁਣ ਇਕ ਡਾਲਰ ਦੀ ਕੀਮਤ ਲਗਭਗ 76 ਰੁਪਏ ਪੈ ਰਹੀ ਹੈ।

ਡਾਲਰ ਮਹਿੰਗਾ ਹੋਣ ਨਾਲ ਜਿੱਥੇ ਇਸ ਨੂੰ ਭਾਰਤੀ ਕਰੰਸੀ ਵਿਚ ਬਦਲਾਉਣ 'ਤੇ ਐੱਨ. ਆਰ. ਆਈਜ਼ ਨੂੰ ਫਾਇਦਾ ਹੋਵੇਗਾ, ਉੱਥੇ ਹੀ ਪੈਟਰੋਲ-ਡੀਜ਼ਲ ਤੇ ਹੋਰ ਇੰਪੋਰਟਡ ਸਾਮਾਨ ਖਰੀਦਣਾ ਮਹਿੰਗਾ ਹੋ ਸਕਦਾ ਹੈ। ਫਿਲਹਾਲ ਇਸ ਵਕਤ ਵਿਸ਼ਵ ਭਰ ਦੀ ਇਕਨੋਮੀ ਕੋਰੋਨਾ ਵਾਇਰਸ ਕਾਰਨ ਮੰਦੀ ਦਾ ਸਾਹਮਣਾ ਕਰ ਰਹੀ ਹੈ। ਬਹੁਤ ਸਾਰੇ ਮੁਲਕਾਂ ਵਿਚ ਕੰਮਕਾਜ ਠੱਪ ਹਨ। ਇਸ ਲਈ ਬਾਹਰੋਂ ਪੈਸੇ ਵੀ ਘੱਟ ਹੀ ਭੇਜ ਹੋਣਗੇ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਰੁਪਏ 'ਤੇ ਦਬਾਅ ਜਾਰੀ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਕੋਰੋਨਾ ਵਾਇਰਸ ਦੀ ਵਧਦੀ ਗਿਣਤੀ ਕਾਰਨ ਵਿਸ਼ਵ ਭਰ ਦੇ ਵਿੱਤੀ ਬਾਜ਼ਾਰਾਂ ਨੂੰ ਨੁਕਸਾਨ ਹੋ ਰਿਹਾ ਹੈ। ਉੱਥੇ ਹੀ, ਇਸ ਵਿਚਕਾਰ ਖਬਰਾਂ ਹਨ ਕਿ ਰੂਸ ਤੇ ਸਾਊਦੀ ਅਰਬ ਤੇਲ ਦੀ ਸਪਲਾਈ ਵਿਚ ਹੁਣ ਕਟੌਤੀ ਕਰ ਸਕਦੇ ਹਨ। ਜਿਸ ਨਾਲ ਤੇਲ ਕੀਮਤਾਂ ਵਿਚ ਵਾਧਾ ਹੋ ਸਕਦਾ ਹੈ। ਤੇਲ ਕੀਮਤਾਂ ਵਿਚ ਵਾਧੇ ਦਾ ਰੁਪਏ 'ਤੇ ਮਾੜਾ ਪ੍ਰਭਾਵ ਪਵੇਗਾ। ਭਾਰਤ ਲਗਭਗ 80 ਫੀਸਦੀ ਕੱਚਾ ਤੇਲ ਦਰਾਮਦ ਕਰਦਾ ਹੈ। ਹਫਤਾਵਾਰੀ ਅਧਾਰ 'ਤੇ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ ਵਿਚ 124 ਪੈਸੇ ਦੀ ਗਿਰਾਵਟ ਆਈ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਕੋਵਿਡ-19 ਦੇ ਮਾਮਲੇ 3,072 ਹੋ ਗਏ ਹਨ ਅਤੇ 75 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਮੰਗਲਵਾਰ ਰੁਪਏ ਦੀ ਕੀਮਤ 75.60 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਸੀ, ਜਦੋਂ ਕਿ ਭਾਰਤ ਵਿਚ ਫੋਰੈਕਸ ਬਾਜ਼ਾਰ 1 ਅਪ੍ਰੈਲ ਨੂੰ ਬੈਂਕਾਂ ਦੇ ਸਾਲਾਨਾ ਸਮਾਪਨ ਅਤੇ 2 ਅਪ੍ਰੈਲ ਨੂੰ ਰਾਮ ਨਵਮੀ ਕਾਰਨ ਬੰਦ ਸਨ।

Sanjeev

This news is Content Editor Sanjeev