ਇਕ ਅਪ੍ਰੈਲ ਤੋਂ ਬਦਲ ਜਾਣਗੇ ਇਹ ਨਿਯਮ, ਜੇਬ ''ਤੇ ਪਵੇਗਾ ਅਸਰ

03/30/2022 6:32:50 PM

ਬਿਜਨੈੱਸ ਡੈਸਕ- ਮਾਰਚ ਦਾ ਮਹੀਨਾ ਖਤਮ ਹੋਣ ਵਾਲਾ ਹੈ ਅਤੇ ਇਕ ਅਪ੍ਰੈਲ ਤੋਂ ਨਵਾਂ ਵਿੱਤੀ ਸਾਲ ਸ਼ੁਰੂ ਹੋਣ ਜਾ ਰਿਹਾ ਹੈ। ਅਜਿਹੇ 'ਚ ਇਕ ਅਪ੍ਰੈਲ ਤੋਂ ਕਈ ਵੱਡੇ ਬਦਲਾਅ ਹੋਣ ਜਾ ਰਹੇ ਹਨ, ਜਿਸ ਦਾ ਸਿੱਧਾ ਅਸਰ ਤੁਹਾਡੇ ਆਨਲਾਈਨ ਲੈਣ-ਦੇਣ ਤੇ ਖਰਚ 'ਤੇ ਪੈ ਸਕਦਾ ਹੈ। ਇਸ 'ਚ ਇਕ ਪਾਸੇ ਜਿਥੇ ਪੀ.ਐੱਫ. ਖਾਤੇ 'ਤੇ ਟੈਕਸ ਨੂੰ ਲੈ ਕੇ ਬਦਲਾਅ ਹੋਵੇਗਾ, ਉਧਰ ਦੂਜੇ ਪਾਸੇ ਕ੍ਰਿਪਟੋ 'ਚ ਨਿਵੇਸ਼ ਕਰਨ ਵਾਲਿਆਂ ਨੂੰ ਮੁਨਾਫੇ 'ਤੇ 30 ਫੀਸਦੀ ਦਾ ਟੈਕਸ ਦੇਣਾ ਹੋਵੇਗਾ। ਦਵਾਈਆਂ ਦੇ ਭਾਅ ਵਧਣਗੇ, ਗੱਡੀਆਂ ਮਹਿੰਗੀਆਂ ਹੋਣਗੀਆਂ। ਕੁਝ ਬਦਲਾਅ ਸੀਨੀਅਰ ਨਾਗਰਿਕਾਂ ਸਮੇਤ ਬੈਂਕ ਗਾਹਕਾਂ 'ਤੇ ਲਾਗੂ ਹੋਣਗੇ।
ਵਿਆਜ਼ ਦੀ ਰਾਸ਼ੀ ਨਕਦ 'ਚ ਨਹੀਂ ਮਿਲੇਗੀ
ਡਾਕ ਘਰ ਦੀ ਮਾਸਿਕ ਆਮਦਨ ਯੋਜਨਾ (ਐੱਮ.ਆਈ.ਐੱਸ.), ਸੀਨੀਅਰ ਨਾਗਰਿਕ ਬਚਤ ਯੋਜਨਾ (ਐੱਸ.ਸੀ.ਐੱਸ.ਐੱਸ) ਜਾਂ ਡਾਕ ਘਰ ਟਰਮ ਡਿਪਾਜ਼ਿਟ (ਟੀ.ਡੀ.) 'ਚ ਨਿਵੇਸ਼ ਨਾਲ ਜੁੜੇ ਨਿਯਮ ਵੀ ਬਦਲ ਗਏ ਹਨ। ਇਨ੍ਹਾਂ ਯੋਜਨਾਵਾਂ 'ਚ ਵਿਆਜ਼ ਰਾਸ਼ੀ ਇਕ ਅਪ੍ਰੈਲ ਤੋਂ ਨਕਦ 'ਚ ਨਹੀਂ ਮਿਲੇਗੀ। ਇਸ ਲਈ ਤੁਹਾਨੂੰ ਇਕ ਬਚਤ ਖਾਤਾ ਖੋਲ੍ਹਣਾ ਹੋਵੇਗਾ। ਡਾਕ ਵਿਭਾਗ ਦੇ ਅਨੁਸਾਰ, ਕਈ ਗਾਹਕਾਂ ਨੇ ਆਪਣੇ ਡਾਕ ਘਰ ਬਚਤ ਖਾਤੇ ਜਾਂ ਬੈਂਕ ਨੂੰ ਆਪਣੇ ਐੱਸ.ਆਈ.ਐੱਮ., ਐੱਸ.ਸੀ.ਐੱਸ.ਐੱਸ., ਟੀ.ਡੀ. ਨਾਲ ਲਿੰਕ ਨਹੀਂ ਕੀਤਾ ਹੈ ਅਤੇ ਅਜਿਹੇ ਮਾਮਲਿਆਂ 'ਚ ਵਿਆਜ਼ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ। 
ਪੀ.ਐੱਫ.ਖਾਤੇ 'ਤੇ ਟੈਕਸ
ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ.ਬੀ.ਡੀ.ਟੀ) ਨੇ ਆਪਣੇ ਇਕ ਅਪ੍ਰੈਲ ਤੋਂ ਆਮਦਨ ਟੈਕਸ (25ਵਾਂ ਸੰਸ਼ੋਧਨ) ਐਕਟ 2021 ਨੂੰ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਜੇਕਰ ਈ.ਪੀ.ਐੱਫ. ਖਾਤੇ 'ਚ 205 ਲੱਖ ਰੁਪਏ ਤੱਕ ਟੈਕਸ ਫ੍ਰੀ ਯੋਗਦਾਨ ਦਾ ਕੈਪ ਲਗਾਇਆ ਜਾ ਰਿਹਾ ਹੈ। ਜੇਕਰ ਇਸ ਤੋਂ ਉਪਰ ਯੋਗਦਾਨ ਕੀਤਾ ਤਾਂ ਵਿਆਜ਼ ਆਮਦਨ 'ਤੇ ਟੈਕਸ ਲੱਗੇਗਾ। ਉਧਰ ਸਰਕਾਰੀ ਕਰਮਚਾਰੀਆਂ ਦੇ ਜੀ.ਪੀ.ਐੱਫ. 'ਚ ਟੈਕਸ ਫ੍ਰੀ ਯੋਗਦਾਨ ਦੀ ਸੀਮਾ ਪੰਜ ਲੱਖ ਰੁਪਏ ਸਾਲਾਨਾ ਹੈ।
ਪੈਨ-ਆਧਾਰ ਲਿੰਕ ਜ਼ਰੂਰੀ
ਜੇਕਰ ਤੁਸੀਂ 31 ਮਾਰਚ ਤੱਕ ਆਪਣੇ ਪੈਨ ਨੂੰ ਆਪਣੇ ਆਧਾਰ ਨੰਬਰ ਨਾਲ ਲਿੰਕ ਨਹੀਂ ਕਰਵਾਉਂਦੇ ਹੋ ਤਾਂ ਤੁਹਾਡਾ ਪੈਨ ਰੱਦ ਹੋ ਜਾਵੇਗਾ। ਇਸ ਤੋਂ ਇਲ਼ਾਵਾ ਤੁਹਾਡੇ ਤੋਂ ਜ਼ੁਰਮਾਨਾ ਵੀ ਵਸੂਲਿਆ ਜਾਵੇਗਾ। ਜ਼ੁਰਮਾਨਾ ਲਗਾਉਣ ਲਈ ਆਮਦਨ ਐਕਟ ਦੀ ਧਾਰਾ 234-ਐੱਚ ਦੀ ਵਰਤੋਂ ਕੀਤੀ ਜਾਵੇਗੀ। ਹਾਲਾਂਕਿ ਸਰਕਾਰ ਨੇ ਹਾਲੇ ਤੱਕ ਜ਼ੁਰਮਾਨੇ ਦੀ ਰਾਸ਼ੀ ਦੀ ਘੋਸ਼ਣਾ ਨਹੀਂ ਕੀਤੀ ਹੈ, ਪਰ ਨਿਰਧਾਰਿਤ ਤਾਰੀਕ ਤੋਂ ਬਾਅਦ ਆਧਾਰ ਦੇ ਨਾਲ ਪੈਨ ਦੀ ਏਕੀਕ੍ਰਿਤ ਕਰਨ ਦੇ ਲਈ ਅਧਿਕਤਮ ਫੀਸ ਇਕ ਹਜ਼ਾਰ ਤੋਂ ਜ਼ਿਆਦਾ ਨਹੀਂ ਹੋਵੇਗੀ।
ਕ੍ਰਿਪਟੋ ਨਾਲ ਕਮਾਈ 'ਤੇ ਟੈਕਸ
ਬਜਟ 2022-23 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕ੍ਰਿਪਟੋ ਕਰੰਸੀ 'ਤੇ 30 ਫੀਸਦੀ ਟੈਕਸ ਲਗਾਉਣ ਦਾ ਐਲਾਨ ਕੀਤਾ ਸੀ। ਇਸ ਦੇ ਤਹਿਤ ਜੇਕਰ ਕ੍ਰਿਪਟੋ ਐਸੇਟ ਵੇਚਣ 'ਤੇ ਨਿਵੇਸ਼ਕ ਨੂੰ ਜੋ ਫ਼ਾਇਦਾ ਹੋਵੇਗਾ, ਉਸ 'ਤੇ ਉਸ ਨੂੰ ਸਰਕਾਰ ਨੂੰ ਟੈਕਸ ਦੇਣਾ ਹੋਵੇਗਾ। ਇਸ ਦੇ ਨਾਲ ਹੀ ਜਦੋਂ-ਜਦੋਂ ਕੋਈ ਕ੍ਰਿਪਟੋ ਐਸੇਟ ਵੇਚੇਗਾ, ਤਾਂ ਉਸ ਦੀ ਵਿੱਕਰੀ 'ਤੇ ਇਕ ਫੀਸਦੀ ਦੀ ਦਰ ਨਾਲ ਟੀ.ਡੀ.ਐੱਸ. ਕੱਟੇਗਾ। ਇਹ ਨਿਯਮ ਇਕ ਅਪ੍ਰੈਲ ਤੋਂ ਲਾਗੂ ਹੋਵੇਗਾ।
ਦਵਾਈਆਂ ਹੋਣਗੀਆਂ ਮਹਿੰਗੀਆਂ
ਇਕ ਰਿਪੋਰਟ ਮੁਤਾਬਕ 800 ਜ਼ਰੂਰੀ ਦਵਾਈਆਂ ਦੀਆਂ ਕੀਮਤਾਂ 'ਚ 10.7 ਫੀਸਦੀ ਦਾ ਵਾਧਾ ਹੋਣ ਵਾਲਾ ਹੈ। ਰਾਸ਼ਟਰੀ ਦਵਾ ਮੁੱਲ ਨਿਰਧਾਰਕ ਅਥਾਰਿਟੀ (ਐੱਨ.ਪੀ.ਪੀ.ਏ.) ਨੇ ਇਨ੍ਹਾਂ ਦਵਾਈਆਂ ਦੇ ਥੋਕ ਮੁੱਲ ਸੂਚਕਾਂਕ 'ਚ ਬਦਲਾਅ ਨੂੰ ਆਪਣੀ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ। ਇਨ੍ਹਾਂ 'ਚ ਬੁਖ਼ਾਰ ਦੀ ਬੁਨਿਆਦੀ ਦਵਾ ਪੈਰਾਸਿਟਾਮਾਲ ਵੀ ਸ਼ਾਮਲ ਹੈ। 
ਟਰਨਓਵਰ ਸੀਮਾ ਨੂੰ ਘਟਾਇਆ
ਸੀ.ਬੀ.ਆਈ.ਸੀ. (ਕੇਂਦਰੀ ਅਪ੍ਰਤੱਖ ਟੈਕਸ ਅਤੇ ਸੀਮਾ ਟੈਕਸ ਬੋਰਡ) ਨੇ ਮਾਲ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਦੇ ਤਹਿਤ ਈ-ਚਾਲਾਨ (ਇਲੈਕਟ੍ਰੋਨਿਕ ਚਾਲਾਨ) ਜਾਰੀ ਕਰਨ ਦੇ ਲਈ ਟਰਨਓਵਰ ਸੀਮਾ ਨੂੰ ਪਹਿਲੀ ਤੈਅ ਸੀਮਾ 50 ਕਰੋੜ ਰੁਪਏ ਤੋਂ ਘਟਾ ਕੇ 20 ਕਰੋੜ ਰੁਪਏ ਕਰ ਦਿੱਤਾ ਹੈ। ਇਹ ਨਿਯਮ ਵੀ ਇਕ ਅਪ੍ਰੈਲ 2022 ਤੋਂ ਲਾਗੂ ਹੋ ਰਿਹਾ ਹੈ।
ਐਕਸਿਸ ਬੈਂਕ ਨੇ ਮਿਨੀਮਮ ਬੈਲੇਂਸ ਦੀ ਸੀਮਾ ਵਧਾਈ
ਐਕਸਿਸ ਬੈਂਕ 'ਚ ਜਿਨ੍ਹਾਂ ਗਾਹਕਾਂ ਦਾ ਸੈਲਰੀ ਅਤੇ ਸੇਵਿੰਗ ਅਕਾਊਂਟ ਹੈ, ਉਸ ਦੇ ਲਈ 1 ਅਪ੍ਰੈਲ 2022 ਤੋਂ ਨਵੇਂ ਨਿਯਮ ਲਾਗੂ ਹੋ ਰਹੇ ਹਨ। ਬੈਂਕ ਨੇ ਬਚਤ ਖਾਤੇ 'ਚ ਮਿਨੀਮਮ ਬੈਲੇਂਸ ਦੀ ਸੀਮਾ 10 ਹਜ਼ਾਰ ਤੋਂ ਵਧਾ ਕੇ 12 ਹਜ਼ਾਰ ਰੁਪਏ ਕਰ ਦਿੱਤੀ ਹੈ।

Aarti dhillon

This news is Content Editor Aarti dhillon