ਮਿੱਲਾਂ ਲਈ ਪੈਕੇਜ ਨੂੰ ਹਰੀ ਝੰਡੀ, ਕਿਸਾਨਾਂ ਨੂੰ ਮਿਲੇਗੀ ਗੰਨੇ ਦੀ ਪੇਮੈਂਟ

03/07/2019 3:51:02 PM

ਨਵੀਂ ਦਿੱਲੀ— ਵੀਰਵਾਰ ਨੂੰ ਸਰਕਾਰ ਨੇ ਖੰਡ ਮਿੱਲਾਂ ਲਈ ਇਕ ਹੋਰ ਪੈਕੇਜ ਨੂੰ ਹਰੀ ਝੰਡੀ ਦੇ ਦਿੱਤੀ ਹੈ, ਤਾਂ ਕਿ ਗੰਨਾ ਕਿਸਾਨਾਂ ਦਾ ਬਕਾਇਆ ਚੁਕਾਉਣ 'ਚ ਉਨ੍ਹਾਂ ਨੂੰ ਅਸਾਨੀ ਹੋ ਸਕੇ। ਸਰਕਾਰ ਨੇ ਮਿੱਲਾਂ ਲਈ ਵਿਆਜ ਸਬਸਿਡੀ ਦੇ ਤੌਰ 'ਤੇ 2790 ਕਰੋੜ ਰੁਪਏ ਦਾ ਫੰਡ ਮਨਜ਼ੂਰ ਕੀਤਾ ਹੈ, ਇਹ ਜੂਨ 2018 'ਚ ਮਨਜ਼ੂਰ 1,332 ਕਰੋੜ ਰੁਪਏ ਤੋਂ ਇਲਾਵਾ ਹੈ। ਤਕਰੀਬਨ 12,900 ਕਰੋੜ ਰੁਪਏ ਦੇ ਬੈਂਕਿੰਗ ਲੋਨ 'ਤੇ ਖੰਡ ਮਿੱਲਾਂ ਨੂੰ ਇਸ ਸਬਸਿਡੀ ਦਾ ਫਾਇਦਾ ਮਿਲੇਗਾ।

ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਮਿੱਲਾਂ ਨੂੰ ਈਥਾਨੋਲ ਉਤਪਾਦਨ ਸਮਰੱਥਾ ਵਧਾਉਣ 'ਚ ਸਹਾਇਤਾ ਹੋਵੇਗੀ ਅਤੇ ਕਿਸਾਨਾਂ ਦੇ ਗੰਨੇ ਦੀ ਪੇਮੈਂਟ ਸਮੇਂ ਸਿਰ ਕਰਨ 'ਚ ਸੁਵਿਧਾ ਮਿਲੇਗੀ। ਮਿੱਲਾਂ ਦਾ ਜ਼ੋਰ ਖੰਡ ਉਤਪਾਦਨ ਹੋਰ ਵਧਾਉਣ ਦੀ ਜਗ੍ਹਾ ਈਥਾਨੋਲ ਪ੍ਰਾਡਕਸ਼ਨ 'ਤੇ ਵਧੇਗਾ, ਜਿਸ ਦਾ ਇਸਤੇਮਾਲ ਪੈਟਰੋਲ 'ਚ ਹੋ ਰਿਹਾ ਹੈ। ਪਿਛਲੇ ਸਾਲ ਖੰਡ ਦਾ ਉਤਪਾਦਨ ਰਿਕਾਰਡ ਹੋਣ ਨਾਲ ਇਸ ਦੀਆਂ ਕੀਮਤਾਂ 'ਚ ਕਾਫੀ ਗਿਰਾਵਟ ਆ ਗਈ ਸੀ, ਜਿਸ ਦੇ ਮੱਦੇਨਜ਼ਰ ਮਿੱਲਾਂ ਲਈ ਕਿਸਾਨਾਂ ਦੀ ਪੇਮੈਂਟ ਕਰਨ 'ਚ ਵੱਡੀ ਮੁਸ਼ਕਲ ਖੜ੍ਹੀ ਹੋ ਗਈ ਸੀ।