ਸਤੰਬਰ ਤੋਂ ਮਹਿੰਗੇ ਹੋ ਜਾਣਗੇ ਰਾਇਲ Enfield ਦੇ ਇਹ ਦੋ ਮੋਟਰਸਾਈਕਲ

08/18/2019 3:57:53 PM

ਨਵੀਂ ਦਿੱਲੀ— ਰਾਇਲ ਐਨਫੀਲਡ ਪਹਿਲੀ ਸਤੰਬਰ ਤੋਂ ਇੰਟਰਸੈਪਟਰ-650 ਅਤੇ ਕਾਂਟੀਨੈਂਟਲ ਜੀ. ਟੀ.-650 ਦੀਆਂ ਕੀਮਤਾਂ 'ਚ ਵਾਧਾ ਕਰਨ ਜਾ ਰਿਹਾ ਹੈ। ਕੰਪਨੀ ਨੇ ਡੀਲਰਾਂ ਨੂੰ ਸੂਚਨਾ ਦੇਣੀ ਸ਼ੁਰੂ ਕਰ ਦਿੱਤੀ ਹੈ ਕਿ ਸਤੰਬਰ ਤੋਂ ਇਨ੍ਹਾਂ ਦੋਹਾਂ ਦੀਆਂ ਕੀਮਤਾਂ 'ਚ 2 ਫੀਸਦੀ ਤਕ ਦਾ ਵਾਧਾ ਹੋ ਜਾਵੇਗਾ। ਇਹ ਪਹਿਲੀ ਵਾਰ ਹੈ ਜਦੋਂ ਇਨ੍ਹਾਂ ਦੋਹਾਂ ਮੋਟਰਸਾਈਕਲਾਂ ਦੀ ਕੀਮਤ 'ਚ ਇੰਨਾ ਵਾਧਾ ਕੀਤਾ ਜਾ ਰਿਹਾ ਹੈ।
 

 

ਕੰਪਨੀ ਨੇ ਪਿਛਲੇ ਸਾਲ ਨਵੰਬਰ 'ਚ ਇਨ੍ਹਾਂ ਦੋਹਾਂ ਮੋਟਰਸਾਈਕਲਾਂ ਨੂੰ ਭਾਰਤ 'ਚ ਲਾਂਚ ਕੀਤਾ ਸੀ। ਉਸ ਵਕਤ ਇੰਟਰਸੈਪਟਰ-650 ਦੀ ਕੀਮਤ 2.50 ਲੱਖ ਰੁਪਏ ਅਤੇ ਕਾਂਟੀਨੈਂਟਲ ਜੀ. ਟੀ.-650 ਦੀ ਕੀਮਤ 2.65 ਲੱਖ ਰੁਪਏ ਰੱਖੀ ਗਈ ਸੀ। ਹੁਣ ਇੰਟਰਸੈਪਟਰ 5,400 ਰੁਪਏ, ਜਦੋਂ ਕਿ ਕਾਂਟੀਨੈਂਟਲ ਜੀ. ਟੀ. 5,700 ਰੁਪਏ ਮਹਿੰਗਾ ਹੋਣ ਜਾ ਰਿਹਾ ਹੈ।
ਭਾਰਤ 'ਚ ਇਨ੍ਹਾਂ ਦੋਹਾਂ ਮੋਟਰਸਾਈਕਲਾਂ ਦੀ ਸਭ ਤੋਂ ਘੱਟ ਕੀਮਤ ਕੇਰਲਾ 'ਚ ਹੈ, ਹਾਲਾਂਕਿ ਇੱਥੇ ਵੀ ਕੀਮਤਾਂ 'ਚ 2 ਫੀਸਦੀ ਤਕ ਦਾ ਵਾਧਾ ਲਾਗੂ ਹੋਵੇਗਾ। ਉੱਥੇ ਹੀ, ਇਨ੍ਹਾਂ ਮੋਟਰਸਾਈਕਲਾਂ ਦੀ ਵਿਕਰੀ ਦੀ ਗੱਲ ਕਰੀਏ ਤਾਂ ਇਹ ਕਾਫੀ ਬਿਹਤਰ ਜਾ ਰਹੀ ਹੈ। ਜੂਨ 2019 'ਚ ਇਨ੍ਹਾਂ ਦੋਹਾਂ ਦੀ ਕੁੱਲ ਵਿਕਰੀ 1,751 ਯੂਨਿਟਸ ਰਹੀ ਹੈ। ਜ਼ਿਕਰਯੋਗ ਹੈ ਕਿ ਰਾਇਲ ਐਨਫੀਲਡ ਨੇ ਹਾਲ ਹੀ 'ਚ ਬੁਲੇਟ 350X ਤੇ ਬੁਲੇਟ 350X ES ਲਾਂਚ ਕੀਤੇ ਹਨ। ਇਨ੍ਹਾਂ ਬੁਲੇਟ ਦੀ ਕੀਮਤ 1.12 ਲੱਖ ਤੇ 1.26 ਲੱਖ ਰੁਪਏ ਵਿਚਕਾਰ ਹੈ।