Royal Enfield ਦੀ ਵਿਕਰੀ ਨੂੰ ਲੱਗਾ ਝਟਕਾ ਪਰ ਬੁਲੇਟ ਨੇ ਦਿਖਾ 'ਤਾ ਇਹ ਦਮ

09/01/2020 5:47:34 PM

ਨਵੀਂ ਦਿੱਲੀ— ਨੌਜਵਾਨਾਂ 'ਚ ਪ੍ਰਸਿੱਧ ਬੁਲੇਟ ਮੋਟਰਸਾਈਕਲ ਬਣਾਉਣ ਵਾਲੀ ਕੰਪਨੀ ਰਾਇਲ ਐਨਫੀਲਡ ਨੇ ਜਿੱਥੇ ਕੁੱਲ ਵਿਕਰੀ 'ਚ ਗਿਰਾਵਟ ਦਰਜ ਕੀਤੀ ਹੈ, ਉੱਥੇ ਹੀ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਵੀ ਬੁਲੇਟ ਦੀ ਬਾਦਸ਼ਾਹਤ ਕਾਇਮ ਹੈ। ਆਇਸ਼ਰ ਮੋਟਰ ਲਿਮਟਿਡ ਦੀ ਦੋਪਹੀਆ ਵਾਹਨ ਕੰਪਨੀ ਦੀ ਕੁੱਲ ਵਿਕਰੀ ਅਗਸਤ 'ਚ 5 ਫੀਸਦੀ ਘੱਟ ਕੇ 50,144 ਇਕਾਈ ਰਹੀ। ਹਾਲਾਂਕਿ, ਇਸ ਦੌਰਾਨ 350ਸੀਸੀ ਬੁਲੇਟ ਮੋਟਰਸਾਈਕਲ ਦੀ ਵਿਕਰੀ ਪਿਛਲੇ ਸਾਲ ਨਾਲੋਂ ਵਧੀ ਹੈ, ਜਿਸ ਦੇ ਦਮ 'ਤੇ ਕੁੱਲ ਵਿਕਰੀ 'ਚ ਹੋਰ ਨੁਕਸਾਨ ਤੋਂ ਬਚਾਅ ਰਿਹਾ।

ਇਸ ਸਾਲ ਅਗਸਤ 'ਚ 350ਸੀਸੀ ਤੱਕ ਦੇ ਇੰਜਣ ਵਾਲੇ ਮੋਟਰਸਾਈਕਲਾਂ ਦੀ ਵਿਕਰੀ 46,357 ਇਕਾਈ ਰਹੀ, ਜੋ ਪਿਛਲੇ ਸਾਲ ਅਗਸਤ ਦੀ 44,694 ਇਕਾਈ ਦੀ ਵਿਕਰੀ ਤੋਂ 4 ਫੀਸਦੀ ਵੱਧ ਹੈ। ਉੱਥੇ ਹੀ, ਦੂਜੇ ਪਾਸੇ 350ਸੀਸੀ ਤੋਂ ਵੱਧ ਇੰਜਣ ਦੀ ਸਮਰਥਾ ਵਾਲੇ ਮੋਟਰਸਾਈਕਲਾਂ ਦੀ ਵਿਕਰੀ 3,787 ਵਾਹਨ ਰਹੀ, ਜੋ ਪਿਛਲੇ ਸਾਲ ਅਗਸਤ ਦੀ 8,210 ਦੀ ਵਿਕਰੀ ਤੋਂ 54 ਫੀਸਦੀ ਘੱਟ ਹੈ।

ਕੰਪਨੀ ਨੇ ਇਸ ਦੌਰਾਨ ਕੁੱਲ ਬਰਾਮਦ 'ਚ ਵੀ 38 ਫੀਸਦੀ ਗਿਰਾਵਟ ਦਰਜ ਕੀਤੀ। ਅਗਸਤ 'ਚ ਕੰਪਨੀ ਨੇ 2,573 ਮੋਟਰਸਾਈਕਲ ਬਾਹਰ ਬਾਜ਼ਾਰਾਂ 'ਚ ਭੇਜੇ, ਜਦੋਂ ਕਿ ਪਿਛਲੇ ਸਾਲ ਇਸੇ ਮਹੀਨੇ ਇਹ ਅੰਕੜਾ 4,152 ਰਿਹਾ ਸੀ। ਇਸ ਤੋਂ ਇਲਾਵਾ ਕੁੱਲ ਵਿਕਰੀ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਇਸੇ ਮਹੀਨੇ ਕੰਪਨੀ ਦੀ ਕੁੱਲ ਵਿਕਰੀ 52,904 ਮੋਟਰਸਾਈਕਲ ਰਹੀ ਸੀ, ਜੋ ਇਸ ਸਾਲ ਅਗਸਤ 'ਚ 50,144 ਰਹੀ।

ਹਾਲਾਂਕਿ, ਜੇਕਰ ਇਸ ਸਾਲ ਅਪ੍ਰੈਲ ਤੋਂ ਅਗਸਤ ਤੱਕ ਦੀ ਵਿਕਰੀ ਦੀ ਪਿਛਲੇ ਸਾਲ ਦੀ ਇਸੇ ਮਿਆਦ ਨਾਲ ਤੁਲਨਾ ਕਰੀਏ ਤਾਂ ਕੰਪਨੀ ਨੇ ਸਾਰੇ ਤਰ੍ਹਾਂ ਦੀ ਵਿਕਰੀ 'ਚ ਵੱਡੀ ਗਿਰਾਵਟ ਦਰਜ ਕੀਤੀ ਹੈ, ਜਿਸ ਦਾ ਪ੍ਰਮੁੱਖ ਕਾਰਨ ਕੋਰੋਨਾ ਵਾਇਰਸ ਮਹਾਮਾਰੀ ਤੇ ਲਾਕਡਾਊਨ ਹੈ।


Sanjeev

Content Editor

Related News