8 ਕਰੋਡ਼ ਦੁੱਧ ਉਤਪਾਦਕ ਲੋਕਾਂ ਦੀ ਰੋਜ਼ੀ-ਰੋਟੀ ’ਤੇ ਮੰਡਰਾਇਆ ਖ਼ਤਰਾ!

02/15/2020 11:01:27 AM

ਨਵੀਂ ਦਿੱਲੀ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਾਉਂਦੀ 24-25 ਫਰਵਰੀ ਨੂੰ ਭਾਰਤ ਦੌਰੇ ’ਤੇ ਆਉਣ ਵਾਲੇ ਹਨ। ਅਮਰੀਕੀ ਰਾਸ਼ਟਰਪਤੀ ਦੇ ਇਸ ਦੌਰੇ ’ਤੇ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਨੂੰ ਲੈ ਕੇ ਕੁਝ ਸਮਝੌਤੇ ਹੋ ਸਕਦੇ ਹਨ। ਹਾਲਾਂਕਿ 13 ਫਰਵਰੀ ਨੂੰ ਅਮਰੀਕਾ ਦੇ ਵਪਾਰ ਪ੍ਰਤੀਨਿਧੀ ਰਾਬਰਟ ਲਾਈਟਹਾਈਜ਼ਰ ਭਾਰਤ ਆਉਣ ਵਾਲੇ ਸਨ ਪਰ ਉਨ੍ਹਾਂ ਆਪਣਾ ਇਹ ਦੌਰਾ ਰੱਦ ਕਰ ਦਿੱਤਾ ਸੀ।

ਰਾਬਰਟ ਲਾਈਟਹਾਈਜ਼ਰ ਵੱਲੋਂ ਦੌਰਾ ਰੱਦ ਕਰਨ ਨਾਲ ਭਾਰਤ ਨੂੰ ਅਮਰੀਕਾ ਨਾਲ ਟ੍ਰੇਡ ਡੀਲ ਕਰਨ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ। ਹਾਲਾਂਕਿ ਭਾਰਤ ਸਰਕਾਰ ਅਜੇ ਵੀ ਟ੍ਰੇਡ ਡੀਲ ਨੂੰ ਲੈ ਕੇ ਹਾਂ-ਪੱਖੀ ਹੈ। ਇਹੀ ਵਜ੍ਹਾ ਹੈ ਕਿ ਸਰਕਾਰ ਨੇ ਅਮਰੀਕਾ ਨੂੰ ਇਕ ਆਫਰ ਦਿੱਤਾ ਹੈ। ਮੀਡੀਆ ਦੇ ਹਵਾਲੇ ਨਾਲ ਖਬਰ ਆਈ ਹੈ ਕਿ ਭਾਰਤ ਨੇ ਅਮਰੀਕਾ ਨਾਲ ਸੰਭਾਵੀ ਟ੍ਰੇਡ ਡੀਲ ਲਈ ਆਪਣੀ ਡੇਅਰੀ ਅਤੇ ਪੋਲਟਰੀ ਇੰਡਸਟਰੀ ’ਚ ਛੋਟ ਦੇਣ ਦਾ ਆਫਰ ਦਿੱਤਾ ਹੈ। ਜੇਕਰ ਕੇਂਦਰ ਸਰਕਾਰ ਟ੍ਰੇਡ ਡੀਲ ਕਰਨ ਲਈ ਦੇਸ਼ ਦੀ ਡੇਅਰੀ ਅਤੇ ਪੋਲਟਰੀ ਇੰਡਸਟਰੀ ਨੂੰ ਅਮਰੀਕਾ ਲਈ ਖੋਲ੍ਹਣ ਦਾ ਫੈਸਲਾ ਕਰਦੀ ਹੈ ਤਾਂ ਇਸ ਨਾਲ ਦੇਸ਼ ਦੇ 8 ਕਰੋਡ਼ ਲੋਕਾਂ ਦੀ ਰੋਜ਼ੀ-ਰੋਟੀ ’ਤੇ ਖ਼ਤਰਾ ਮੰਡਰਾ ਸਕਦਾ ਹੈ।

ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼

ਦਰਅਸਲ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਹੈ, ਜਿਸ ਨਾਲ 8 ਕਰੋਡ਼ ਲੋਕਾਂ ਦੀ ਰੋਜ਼ੀ-ਰੋਟੀ ਜੁਡ਼ੀ ਹੋਈ ਹੈ। ਇਨ੍ਹਾਂ ’ਚ ਜ਼ਿਆਦਾਤਰ ਦਿਹਾਤੀ ਖੇਤਰਾਂ ਨਾਲ ਜੁਡ਼ੇ ਲੋਕ ਸ਼ਾਮਲ ਹਨ। ਭਾਰਤ ਨੇ ਰਵਾਇਤੀ ਤੌਰ ’ਤੇ ਦੇਸ਼ ’ਚ ਡੇਅਰੀ ਪ੍ਰੋਡਕਟਸ ਦੀ ਦਰਾਮਦ ’ਤੇ ਪਾਬੰਦੀ ਲਾਈ ਹੋਈ ਹੈ। ਉਥੇ ਹੀ ਜੇਕਰ ਮੋਦੀ ਸਰਕਾਰ ਇਸ ਖੇਤਰ ’ਚ ਅਮਰੀਕਾ ਨੂੰ ਬਰਾਮਦ ’ਤੇ ਕੋਈ ਛੋਟ ਦਿੰਦੀ ਹੈ ਤਾਂ ਇਸ ਦਾ ਸਿੱਧਾ ਅਸਰ ਭਾਰਤੀ ਦੁੱਧ ਉਤਪਾਦਕਾਂ ਅਤੇ ਡੇਅਰੀ ਪ੍ਰੋਡਕਟ ਦੇ ਬਿਜ਼ਨੈੱਸ ’ਤੇ ਪੈ ਸਕਦਾ ਹੈ। ਇਸਦੀ ਵਜ੍ਹਾ ਇਹ ਮੰਨੀ ਜਾ ਰਹੀ ਹੈ ਕਿ ਭਾਰਤ ’ਚ ਦੁੱਧ ਉਤਪਾਦਨ ਅੱਜ ਵੀ ਰਵਾਇਤੀ ਤਰੀਕੇ ਨਾਲ ਅਤੇ ਛੋਟੇ ਪੱਧਰ ’ਤੇ ਹੁੰਦਾ ਹੈ। ਉਥੇ ਹੀ ਅਮਰੀਕਾ ਦੀ ਡੇਅਰੀ ਇੰਡਸਟਰੀ ਕਾਫ਼ੀ ਉੱਨਤ ਮੰਨੀ ਜਾਂਦੀ ਹੈ ਅਤੇ ਉਸ ਕੋਲ ਸਾਧਨਾਂ ਦੀ ਵੀ ਕੋਈ ਕਮੀ ਨਹੀਂ ਹੈ।

ਖਬਰ ਅਨੁਸਾਰ ਮੋਦੀ ਸਰਕਾਰ ਨੇ ਭਾਰਤ ਦੀ ਡੇਅਰੀ ਇੰਡਸਟਰੀ ’ਚ ਪ੍ਰਵੇਸ਼ ਕਰਨ ਲਈ ਅਮਰੀਕਾ ਨੂੰ 5 ਫੀਸਦੀ ਟੈਰਿਫ ਅਤੇ ਕੋਟਾ ਆਫਰ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰੀ ਸੂਤਰਾਂ ਅਨੁਸਾਰ ਅਮਰੀਕਾ ਦੇ ਡੇਅਰੀ ਪ੍ਰੋਡਕਟਸ ਦੀ ਦਰਾਮਦ ਨੂੰ ਵੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਹਾਲਾਂਕਿ ਇਸ ਦੇ ਲਈ ਸਰਕਾਰ ਨੇ ਕੁਝ ਸ਼ਰਤਾਂ ਵੀ ਲਾਈਆਂ ਹਨ।

ਅਮਰੀਕੀ ਕੰਪਨੀਆਂ ਦੇ ਸਾਹਮਣੇ ਪੱਛੜ ਸਕਦੇ ਹਨ ਭਾਰਤੀ ਦੁੱਧ ਉਤਪਾਦਕ

ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਜੇਕਰ ਭਾਰਤ ਸਰਕਾਰ ਅਮਰੀਕਾ ਲਈ ਆਪਣੇ ਡੇਅਰੀ ਅਤੇ ਪੋਲਟਰੀ ਖੇਤਰ ਨੂੰ ਖੋਲ੍ਹਣ ਦਾ ਫੈਸਲਾ ਕਰਦੀ ਹੈ ਤਾਂ ਅਮਰੀਕਾ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਸਾਹਮਣੇ ਸਾਡੇ ਛੋਟੇ ਕਿਸਾਨ ਅਤੇ ਦੁੱਧ ਉਤਪਾਦਕ ਮੁਕਾਬਲੇਬਾਜ਼ੀ ’ਚ ਬੁਰੀ ਤਰ੍ਹਾਂ ਪੱਛੜ ਸਕਦੇ ਹਨ। ਹਾਲਾਂਕਿ ਅਜੇ ਤੱਕ ਸਰਕਾਰ ਆਪਣੇ ਫੈਸਲੇ ’ਤੇ ਵਿਚਾਰ ਕਰ ਰਹੀ ਹੈ ਅਤੇ ਕੁਝ ਵੀ ਅਜੇ ਫਾਈਨਲ ਨਹੀਂ ਹੋਇਆ ਹੈ।

ਚਿਕਨ ਦੀ ਦਰਾਮਦ ’ਤੇ ਵੀ ਟੈਕਸ ’ਚ ਛੋਟ ਦੇਣ ਦਾ ਪ੍ਰਸਤਾਵ

ਖਬਰ ਅਨੁਸਾਰ ਸਰਕਾਰ ਨੇ ਅਮਰੀਕਾ ਤੋਂ ਚਿਕਨ ਦੀ ਦਰਾਮਦ ’ਤੇ ਵੀ ਟੈਕਸ ’ਚ ਛੋਟ ਦੇਣ ਦਾ ਪ੍ਰਸਤਾਵ ਦਿੱਤਾ ਹੈ। ਹੁਣ ਤੱਕ ਚਿਕਨ ਲੈੱਗ ’ਤੇ 100 ਫੀਸਦੀ ਟੈਕਸ ਲੱਗਦਾ ਹੈ, ਜਿਸ ਨੂੰ ਹੁਣ ਘਟਾ ਕੇ 25 ਫੀਸਦੀ ਕੀਤਾ ਜਾ ਸਕਦਾ ਹੈ। ਹਾਲਾਂਕਿ ਅਮਰੀਕਾ ਦੀ ਮੰਗ ਹੈ ਕਿ ਇਸ ਨੂੰ ਹੋਰ ਘਟਾ ਕੇ ਸਿਰਫ 10 ਫ਼ੀਸਦੀ ’ਤੇ ਲਿਆਂਦਾ ਜਾਵੇ। ਜੇਕਰ ਇਹ ਡੀਲ ਹੁੰਦੀ ਹੈ ਤਾਂ ਦੇਸ਼ ਦੀ ਪੋਲਟਰੀ ਇੰਡਸਟਰੀ ’ਤੇ ਇਸ ਦਾ ਬੁਰਾ ਅਸਰ ਪੈਣ ਦਾ ਖਦਸ਼ਾ ਹੈ।