ਆਲੋਕ ਇੰਡਸਟਰੀਜ਼ ਖਰੀਦਣ ਲਈ 5,000 ਕਰੋੜ ਰੁਪਏ ਦਾ ਲੋਨ ਲਵੇਗੀ RIL!

12/09/2019 12:46:19 PM

ਮੁੰਬਈ — ਰਿਲਾਇੰਸ ਇੰਡਸਟਰੀਜ਼ (RIL) ਦੀਵਾਲੀਆ ਕੋਡ ਦੇ ਤਹਿਤ ਵਿਕ ਰਹੀ ਟੈਕਸਟਾਈਲ ਕੰਪਨੀ ਆਲੋਕ ਇੰਡਸਟਰੀਜ਼ ਨੂੰ ਖਰੀਦਣ ਲਈ 5000 ਕਰੋੜ ਰੁਪਏ ਦਾ ਲੰਬੇ ਸਮੇਂ ਦਾ ਕਰਜ਼ਾ ਲੈਣਾ ਚਾਹੁੰਦੀ ਹੈ ਅਤੇ ਇਸ ਲਈ ਤਿੰਨ ਬੈਂਕਾਂ ਨਾਲ ਗੱਲਬਾਤ ਚਲ ਰਹੀ ਹੈ। RIL ਦੀ ਯੋਜਨਾ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਦੱਸਿਆ ਕਿ ਕੰਪਨੀ ਸਟੇਟ ਬੈਂਕ ਆਫ਼ ਇੰਡੀਆ (SBI), ਐਚ.ਡੀ.ਐਫ.ਸੀ. ਬੈਂਕ(HDFC) ਅਤੇ ਆਈ.ਸੀ.ਆਈ.ਸੀ.ਆਈ.(ICICI) ਬੈਂਕਾਂ ਕੋਲੋਂ ਕਰਜ਼ਾ ਲੈਣਾ ਚਾਹੁੰਦੀ ਹੈ। ਉਹ ਆਪਣਾ ਪੈਸਾ ਆਲੋਕ ਇੰਡਸਟਰੀਜ਼ ਵਿਚ ਨਿਵੇਸ਼ ਨਹੀਂ ਕਰਨਾ ਚਾਹੁੰਦੀ ਹੈ ਜਿਸ ਨੂੰ ਉਸਨੇ ਇਸ ਸਾਲ ਮਾਰਚ ਵਿਚ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ਕੋਲ ਚਲੀ ਪ੍ਰਕਿਰਿਆ ਵਿਚ ਹਾਸਲ ਕੀਤਾ ਸੀ।

ਮਾਰਕਿਟ ਕੈਪ ਦੇ ਹਿਸਾਬ ਨਾਲ ਦੇਸ਼ ਦੀ ਮਹਿੰਗੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦਾ ਕਾਰੋਬਾਰ ਤੇਲ, ਟੈਕਸਟਾਈਲ, ਪ੍ਰਚੂਨ ਅਤੇ ਦੂਰਸੰਚਾਰ ਖੇਤਰਾਂ ਵਿਚ ਹੈ। ਐਨ.ਸੀ.ਐਲ.ਟੀ. ਦੀ ਅਹਿਮਦਾਬਾਦ ਬੈਂਚ ਨੇ ਆਲੋਕ ਇੰਡਸਟਰੀਜ਼ ਦੀ ਖਰੀਦਦਾਰੀ ਲਈ ਮਾਰਚ ਵਿਚ ਜੇ.ਐੱਮ. ਫਾਈਨੈਂਸ਼ਿਅਲ ਐਸੇਟ ਰੀਕੰਸਟਰੱਕਸ਼ਨ ਕੰਪਨੀ ਦੇ ਨਾਲ ਮਿਲ ਕੇ RIL ਵਲੋਂ ਦਿੱਤੀ ਗਈ 5.050 ਕਰੋੜ ਰੁਪਏ ਦੀ ਬਿਡ ਨੂੰ ਮਨਜ਼ੂਰੀ ਦਿੱਤੀ ਸੀ। ਆਰਆਈਐਲ-ਜੇਐਮ ਏਆਰਸੀ ਦੀ ਬੋਲੀ ਆਲੋਕ ਇੰਡਸਟਰੀਜ਼ ਦੇ 4,500 ਕਰੋੜ ਰੁਪਏ ਦੇ ਤਰਲਤਾ ਮੁੱਲ ਤੋਂ ਥੋੜੀ ਜ਼ਿਆਦਾ ਸੀ। ਹਾਲਾਂਕਿ ਕੰਪਨੀ ਨੂੰ ਲੈ ਕੇ ਚਲ ਰਹੇ ਮੁਕੱਦਮੇ ਕਾਰਨ, ਬੈਂਕ ਅਜੇ ਵੀ ਆਪਣੇ ਬਕਾਏ ਦੀ ਰਕਮ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ।

ਇਕ ਸੂਤਰ ਨੇ ਕਿਹਾ, 'ਆਰਆਈਐਲ ਕੰਪਨੀ ਵਿਚ ਆਪਣਾ ਪੈਸਾ ਨਹੀਂ ਲਗਾਉਣਾ ਚਾਹੁੰਦੀ ਹੈ। ਉਸਨੇ ਬੈਂਕਾਂ ਤੋਂ ਕਰਜ਼ਾ ਲੈ ਕੇ ਅਦਾਇਗੀ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਇਨ੍ਹਾਂ ਤਿੰਨ ਬੈਂਕਾਂ ਨਾਲ ਗੱਲਬਾਤ ਕਰ ਰਹੀ ਹੈ ਇਸ ਕਾਰਨ ਦੇਰ ਹੋ ਰਹੀ ਹੈ। ਅਸੀਂ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਲਈ ਐਨ.ਸੀ.ਐਲ.ਏ.ਟੀ. ਨਾਲ ਵੀ ਸੰਪਰਕ ਕੀਤਾ ਹੈ ਅਤੇ ਪੇਮੈਂਟ ਜਲਦੀ ਕਰਨ ਲਈ ਕੰਪਨੀ ਨੂੰ ਇਕ ਪੱਤਰ ਲਿਖਿਆ ਹੈ। ਲੀਡ ਬੈਂਕ ਸਟੇਟ ਬੈਂਕ ਨੇ ਜੂਨ 2017 'ਚ ਕੰਪਨੀ ਵਿਰੁੱਧ ਇਨਸੋਲਵੈਂਸੀ ਕਾਰਵਾਈ ਸ਼ੁਰੂ ਕੀਤੀ ਸੀ। ਅਲੋਕ ਦਾ ਕਰਜ਼ਾ ਉਨ੍ਹਾਂ 5,000 ਰੁਪਏ ਤੋਂ ਜ਼ਿਆਦਾ ਬਕਾਏ ਵਾਲੇ 12 ਐਨਪੀਏ ਵਿਚ ਸ਼ਾਮਲ ਸੀ, ਜਿਸ ਨੂੰ ਰਿਜ਼ਰਵ ਬੈਂਕ ਨੇ ਐਨਸੀਐਲਟੀ ਕੋਲ ਭੇਜਣ ਲਈ ਬੈਂਕਾਂ ਨੂੰ ਕਿਹਾ ਸੀ।

ਸਿਲਵਾਸਾ ਦੀ ਆਲੋਕ ਇੰਡਸਟਰੀਜ਼ ਸੂਤੀ ਅਤੇ ਪੋਲਿਸਟਰ ਸੇਗਮੈਂਟ ਕਾਰੋਬਾਰ 'ਚ ਦਖਲ ਰੱਖਣ ਵਾਲੀ ਇਕ ਪੂਰੀ ਤਰ੍ਹਾਂ ਏਕੀਕ੍ਰਿਤ ਕੰਪਨੀ ਹੈ। ਕੰਪਨੀ 'ਤੇ ਰਿਣਦਾਤਾਵਾਂ ਦਾ ਕੁੱਲ 30,000 ਕਰੋੜ ਰੁਪਏ ਦਾ ਬਕਾਇਆ ਹੈ, ਜਿਸਨੂੰ ਦੇਖਦੇ ਹੋਏ ਬੈਂਕਾਂ ਨੂੰ 83% ਹੇਅਰਕੱਟ ਲੈਣਾ ਪੈ ਰਿਹਾ ਹੈ। ਐਸਬੀਆਈ ਨੇ ਇਸ ਕਰਜ਼ੇ ਲਈ 1,800 ਕਰੋੜ ਰੁਪਏ ਮਨਜ਼ੂਰ ਕੀਤੇ ਸਨ। ICICI ਅਤੇ HDFC ਨੇ ਅਜੇ ਇਸ ਮਾਮਲੇ 'ਚ ਕੋਈ ਫੈਸਲਾ ਨਹੀਂ ਲਿਆ ਹੈ। ਆਰਆਈਐਲ ਦੀ ਕ੍ਰੈਡਿਟ ਟਾਪ ਰੇਟਿੰਗ ਵਾਲੀ ਹੈ ਅਤੇ ਇਹ ਬੈਂਕ ਕੰਪਨੀ ਦਾ ਸਮਰਥਨ ਕਰਦੇ ਆ ਰਹੇ ਹਨ।