ਚੌਲ ਨਿਰਯਾਤ ''ਚ ਆਵੇਗੀ ਕਮੀ

02/07/2020 3:30:33 PM

ਨਵੀਂ ਦਿੱਲੀ — ਅਮਰੀਕਾ ਅਤੇ ਈਰਾਨ ਵਿਚਕਾਰ ਚਲ ਰਹੇ ਗਤੀਰੋਧ ਅਤੇ ਚੀਨ ਵਿਚ ਕੋਰੋਨਾਵਾਇਰਸ ਦੇ ਪ੍ਰਕੋਪ ਵਰਗੇ ਵੱਡੇ ਭੂ-ਰਾਜਨੀਤਿਕ ਅਤੇ ਘਰੇਲੂ ਕਾਰਨਾਂ ਕਰਕੇ ਇਸ ਸਾਲ ਭਾਰਤ ਦੇ ਚੌਲਾਂ ਦੇ ਨਿਰਯਾਤ ਵਿਚ 18 ਤੋਂ 20 ਫੀਸਦੀ ਤੱਕ ਦੀ ਗਿਰਾਵਟ ਆ ਸਕਦੀ ਹੈ। ਪਿਛਲੇ ਸਾਲ ਈਰਾਨ ਦੇ ਕੱਚੇ ਤੇਲ 'ਤੇ ਅਮਰੀਕੀ ਪਾਬੰਦੀ ਦੇ ਬਾਅਦ ਖਾਸ ਤੌਰ 'ਤੇ ਈਰਾਨ ਨੂੰ ਬਾਸਮਤੀ ਚਾਵਲ ਨਿਰਯਾਤ 'ਚ ਅਨਿਸ਼ਚਿਤਤਾ ਬਣੀ ਰਹੀ ਹੈ। ਵਿੱਤੀ ਸਾਲ 2018-19 ਦੌਰਾਨ ਈਰਾਨ ਨੂੰ 1.5 ਅਰਬ ਡਾਲਰ ਦੇ ਬਾਸਮਤੀ ਚਾਵਲ ਨਿਰਯਾਤ ਕੀਤੇ ਗਏ ਸਨ। ਭਾਰਤ ਦੇ ਨਿਰਯਾਤ ਵਿਚ ਈਰਾਨ ਦਾ ਸਾਲਾਨਾ ਯੋਗਦਾਨ 25 ਤੋਂ 30 ਪ੍ਰਤੀਸ਼ਤ ਤੱਕ ਹੁੰਦਾ ਹੈ।

ਸਾਲ 2010 ਤੋਂ 2019 ਦਰਮਿਆਨ ਮਿਆਦ 'ਚ ਚੌਲ ਨਿਰਯਾਤ 'ਚ ਲਗਭਗ 14 ਪ੍ਰਤੀਸ਼ਤ ਦੀ ਮਿਸ਼ਰਿਤ ਸਾਲਾਨਾ ਵਿਕਾਸ ਦਰ (ਸੀਏਜੀਆਰ) ਦਰਜ ਕੀਤੀ ਗਈ ਹੈ। ਨਕਾਰਾਤਮਕ ਭੂ-ਰਾਜਨੀਤਿਕ ਸਥਿਤੀ, ਸਖ਼ਤ ਵਪਾਰ ਨਿਯਮ ਅਤੇ ਸਰਕਾਰ ਦੁਆਰਾ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਵਿਚ ਵਾਧਾ ਕੀਤੇ ਜਾਣ ਕਾਰਨ ਚੌਲਾਂ ਦਾ ਨਿਰਯਾਤ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਵਿਸ਼ਵ ਪੱਧਰ 'ਤੇ 25 ਫੀਸਦੀ ਦਾ ਯੋਗਦਾਨ ਕਰਨ ਵਾਲਾ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਚੌਲ ਨਿਰਯਾਤਕ ਦੇਸ਼ ਹੈ। ਦੇਸ਼ ਦੇ ਕੁੱਲ ਨਿਰਯਾਤ ਬਾਸਕਿਟ ਵਿਚ ਇਸ ਜਿੰਸ ਦਾ ਯੋਗਦਾਨ 2 ਫੀਸਦੀ ਰਹਿੰਦਾ ਹੈ। ਅਮਰੀਕਾ ਦੀ ਇਕ ਵਪਾਰਕ ਵਿੱਤ ਕੰਪਨੀ ਡ੍ਰਿਪ ਕੈਪੀਟਲ ਦੀ ਇਕ ਰਿਪੋਰਟ ਅਨੁਸਾਰ ਭੂ-ਰਾਜਨੀਤਿਕ ਤਣਾਅ ਦੇ ਕਾਰਨ ਪੱਛਮੀ ਏਸ਼ੀਆ ਤੋਂ ਵੱਡੀ ਗਿਰਾਵਟ ਦੇ ਕਾਰਨ ਇਸ ਸਾਲ ਚੌਲਾਂ ਦੀ ਬਰਾਮਦ ਵਿਚ ਵਿਸ਼ਵ ਪੱਧਰ 'ਤੇ ਗਿਰਾਵਟ ਦੇਖਣ ਨੂੰ ਮਿਲੀ ਹੈ। ਇਹ ਰਿਪੋਰਟ ਬਰਾਮਦਕਾਰਾਂ ਨਾਲ ਕੀਤੀ ਗਈ ਗੱਲਬਾਤ ਅਤੇ ਅੰਕੜਿਆਂ ਤੋਂ ਇਲਾਵਾ ਭਾਰਤ ਦੇ ਚੌਲਾਂ ਦੀ ਖੇਪ ਦੇ ਵਿਸ਼ਲੇਸ਼ਣ 'ਤੇ ਅਧਾਰਤ ਹੈ। ਬਾਸਮਤੀ ਚਾਵਲ ਇਨ੍ਹਾਂ ਖੇਪਾਂ ਦਾ ਪ੍ਰਮੁੱਖ ਹਿੱਸਾ ਹੈ।

22 ਫੀਸਦੀ ਦੀ ਗਿਰਾਵਟ ਨੂੰ ਦੇਖਦੇ ਹੋਏ ਸਭ ਤੋਂ ਵੱਡੇ ਨਿਰਯਾਤ ਬਜ਼ਾਰ ਈਰਾਨ ਦੇ ਨਾਲ ਨਿਰਯਾਤ ਫਿੱਕਾ ਨਜ਼ਰ ਆ ਰਿਹਾ ਹੈ। ਸਾਲ 2016 ਤੋਂ 2019 ਦੇ ਦੌਰਾਨ ਤਿੰਨ ਫੀਸਦੀ ਸੀ.ਏ.ਜੀ.ਆਰ. ਦੇ ਨਾਲ ਭਾਰਤ ਦੇ ਸਿਖਰ ਬਾਸਮਤੀ ਚਾਵਲ ਨਿਰਯਾਤਕ ਸੂਬਾ ਹਰਿਆਣੇ ਨੇ ਵਿੱਤੀ ਸਾਲ 19 ਵਿਚ ਇਕੱਲੇ ਹੀ 241 ਕਰੋੜ ਡਾਲਰ ਦਾ ਨਿਰਯਾਤ ਕੀਤਾ ਸੀ। ਵਿੱਤੀ ਸਾਲ 2019 'ਚ 110 ਕਰੋੜ ਡਾਲਰ ਦੇ ਨਿਰਯਾਤ ਦੇ ਨਾਲ ਗੁਜਰਾਤ ਦੂਜੇ ਸਥਾਨ 'ਤੇ ਰਿਹਾ ਹੈ। ਸਾਲ 2016 ਤੋਂ 2019 ਦੌਰਾਨ ਇਸ ਸੂਬੇ ਨੇ 47 ਫੀਸਦੀ ਦੀ ਸੀ.ਏ.ਜੀ.ਆਰ. ਦਰਜ ਕੀਤੀ ਸੀ। ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਇਸ ਨਿਰਯਾਤ 'ਚ ਯੋਗਦਾਨ ਕਰਨ ਵਾਲੇ ਹੋਰ ਪ੍ਰਮੁੱਖ ਸੂਬੇ ਹਨ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਭਾਰਤ ਨੂੰ ਚਾਵਲ ਨਿਰਯਾਤ ਉਤਸ਼ਾਹਿਤ ਕਰਨ ਲਈ ਬ੍ਰਾਜ਼ੀਲ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਜੇਕਰ ਸਰਕਾਰ ਇਸ ਮਾਮਲੇ ਨੂੰ ਸਹੀ ਢੰਗ ਨਾਲ ਅੱਗੇ ਵਧਾਉਂਦੀ ਹੈ ਤਾਂ ਬ੍ਰਾਜ਼ੀਲ ਨੂੰ ਲਗਭਗ 10 ਲੱਖ ਟਨ ਚਾਵਲ ਨਿਰਯਾਤ ਕਰਨ ਦੀ ਸੰਭਾਵਨਾ ਹੈ ਜਿਹੜਾ ਕਿ ਚਾਵਲ ਅਤੇ ਕਣਕ ਸਮੇਤ ਭੋਜਨ ਪਦਾਰਥਾਂ ਦਾ ਇਕ ਵੱਡਾ ਉਪਭੋਗਤਾ ਹੈ।

ਸਾਲ ਦੀ ਬਾਕੀ ਮਿਆਦ ਦੇ ਮੁਕਾਬਲੇ ਕਟਾਈ ਦੇ ਚਾਰ ਮਹੀਨੇ ਬਾਅਦ(ਦਸੰਬਰ-ਮਾਰਚ) ਦੀ ਮਿਆਦ 'ਚ ਸਾਲਾਨਾ ਨਿਰਯਾਤ 40 ਫੀਸਦੀ ਤੋਂ ਜ਼ਿਆਦਾ ਰਹਿੰਦਾ ਹੈ। ਹਾਲਾਂਕਿ ਮੌਜੂਦਾ ਵਿੱਤੀ ਸਾਲ ਦੇ ਨਿਰਯਾਤ 'ਚ ਪਿਛਲੇ ਸਾਲਾਂ ਦੇ ਪ੍ਰਦਰਸ਼ਨ ਦੇ ਮੁਕਾਬਲੇ 'ਚ ਕਾਫੀ ਨਰਮ ਰੁਖ ਰਿਹਾ ਹੈ। ਈਰਾਨ ਤੋਂ ਇਲਾਵਾ ਹੋਰ ਨਿਰਯਾਤ ਬਜ਼ਾਰ ਯਾਨੀ ਸੰਯੁਕਤ ਰਾਜ ਅਮੀਰਾਤ(33 ਫੀਸਦੀ), ਨੇਪਾਲ(23 ਫੀਸਦੀ), ਯਮਨ ( 2 ਫੀਸਦੀ), ਸੇਨੇਗਲ(90 ਫੀਸਦੀ) ਅਤੇ ਬੰਗਲਾਦੇਸ਼(94 ਫੀਸਦੀ) 'ਚ ਵੀ ਚਾਵਲ ਦੀਆਂ ਖੇਪਾਂ ਵਿਚ ਗਿਰਾਵਟ ਨਜ਼ਰ ਆਈ ਹੈ। ਹਾਲਾਂਕਿ ਸਾਊਦੀ ਅਰਬ(4 ਫੀਸਦੀ), ਈਰਾਕ(10 ਫੀਸਦੀ), ਬੇਨਿਨ(8 ਫੀਸਦੀ) ਅਤੇ ਅਮਰੀਕਾ (4 ਫੀਸਦੀ) ਵਰਗੇ ਦੇਸ਼ਾਂ ਨੂੰ ਕੀਤੇ ਜਾਣ ਵਾਲੇ ਚੌਲ ਨਿਰਯਾਤ 'ਚ ਕੁਝ ਤੇਜ਼ੀ ਦਰਜ ਹੋਈ ਹੈ।


Related News