ਮਹਿੰਗਾਈ 4% ਤੋਂ ਥੱਲ੍ਹੇ ਰਹਿਣ ਦੀ ਉਮੀਦ, RBI ਹੋਰ ਸਸਤੇ ਕਰੇਗਾ ਲੋਨ!

10/10/2019 2:06:08 PM

ਨਵੀਂ ਦਿੱਲੀ— ਸਤੰਬਰ 'ਚ ਪ੍ਰਚੂਨ ਮਹਿੰਗਾਈ ਦਰ 12 ਮਹੀਨੇ ਦੇ ਉੱਚ ਪੱਧਰ 'ਤੇ ਪਹੁੰਚ ਸਕਦੀ ਹੈ ਪਰ ਇਹ ਰਿਜ਼ਰਵ ਬੈਂਕ ਦੇ ਟੀਚੇ ਤੋਂ ਥੱਲ੍ਹੇ ਹੀ ਰਹਿਣ ਦੀ ਉਮੀਦ ਹੈ। ਇਸ ਦਾ ਮਤਲਬ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਲਈ ਪ੍ਰਮੁੱਖ ਨੀਤੀਗਤ ਦਰਾਂ 'ਚ ਕਟੌਤੀ ਲਈ ਰਾਹ ਅੱਗੇ ਵੀ ਖੁੱਲ੍ਹਾ ਰਹੇਗਾ। ਰਾਇਟਰ ਪੋਲ ਨੇ ਇਕ ਸਰਵੇਖਣ 'ਚ ਇਹ ਸੰਭਾਵਨਾ ਜਤਾਈ ਹੈ।

 

ਸਰਵੇਖਣ ਮੁਤਾਬਕ, ਇਸ ਵਾਰ ਮੌਨਸੂਨ ਨਾਲ ਕਟਾਈ 'ਚ ਦੇਰੀ ਹੋਈ ਹੈ ਅਤੇ ਪਿਆਜ਼ ਵਰਗੀਆਂ ਸਬਜ਼ੀਆਂ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਮਹਿੰਗਾਈ ਦਰ ਵਧਣ ਦਾ ਖਦਸ਼ਾ ਹੈ। ਪਿਛਲੇ ਮਹੀਨੇ ਪਿਆਜ਼ ਦੀਆਂ ਕੀਮਤਾਂ 'ਚ ਤੇਜ਼ ਉਛਾਲ ਰਿਹਾ ਸੀ। ਇਨ੍ਹਾਂ ਦੀ ਕੀਮਤ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਹਾਲ ਹੀ 'ਚ ਬਰਾਮਦ 'ਤੇ ਪਾਬੰਦੀ ਲਗਾਈ ਹੈ।
ਰਾਇਟਰ ਪੋਲ ਮੁਤਾਬਕ, 40 ਅਰਥਸ਼ਾਸਤਰੀ ਮੰਨਦੇ ਹਨ ਕਿ ਸਤੰਬਰ 'ਚ ਮਹਿੰਗਾਈ ਦਰ ਉਛਲ ਕੇ 3.7 ਫੀਸਦੀ ਰਹਿ ਸਕਦੀ ਹੈ, ਜੋ ਸਾਲ ਦਾ ਉੱਚ ਪੱਧਰ ਹੈ। ਸਿਰਫ ਦੋ ਅਰਥਸ਼ਾਤਰੀਆਂ ਨੇ ਸੰਭਾਵਨਾ ਜਤਾਈ ਕਿ ਸਤੰਬਰ 'ਚ ਮਹਿੰਗਾਈ ਦਰ ਅਗਸਤ ਦੀ 3.21 ਫੀਸਦੀ ਤੋਂ ਘੱਟ ਰਹੇਗੀ। ਇਹ ਲਗਾਤਾਰ 14ਵਾਂ ਮਹੀਨਾ ਹੋਵੇਗਾ ਜਦੋਂ ਇਹ ਆਰ. ਬੀ. ਆਈ. ਦੇ 4 ਫੀਸਦੀ ਕੰਟਰੋਲ ਟੀਚੇ ਤੋਂ ਘੱਟ ਹੋਵੇਗੀ।
ਜ਼ਿਕਰਯੋਗ ਹੈ ਕਿ ਮਹਿੰਗਾਈ ਦਰ 'ਚ ਨਰਮੀ ਅਤੇ ਇਕਨੋਮੀ 'ਚ ਸੁਸਤੀ ਦੇ ਮੱਦੇਨਜ਼ਰ ਆਰ. ਬੀ. ਆਈ. ਇਸ ਸਾਲ ਵਿਆਜ ਦਰਾਂ 'ਚ 1.35 ਫੀਸਦੀ ਦੀ ਕਟੌਤੀ ਕਰ ਚੁੱਕਾ ਹੈ। ਇਸ 'ਚ ਪਿਛਲੇ ਹਫਤੇ ਕੀਤੀ ਗਈ 0.25 ਫੀਸਦੀ ਦੀ ਕਟੌਤੀ ਵੀ ਸ਼ਾਮਲ ਹੈ। ਉੱਥੇ ਹੀ, ਵਿਕਾਸ ਨੂੰ ਸਮਰਥਨ ਦੇਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਨੀਤੀਗਤ ਦਰਾਂ 'ਚ ਅੱਗੇ ਵੀ ਕਟੌਤੀ ਦਾ ਰਾਹ ਖੁੱਲ੍ਹਾ ਰੱਖਿਆ ਹੈ।


Related News