ਮਹਿੰਗੀ ਹੋਈ Renault ਡਸਟਰ ਤੇ ਕਵਿੱਡ, ਜਨਵਰੀ ਤੋਂ ਢਿੱਲੀ ਹੋਵੇਗੀ ਜੇਬ

12/12/2018 4:12:23 PM

ਨਵੀਂ ਦਿੱਲੀ— ਹੁਣ ਪਾਪੁਲਰ ਕਾਰ ਰੈਨੋ ਡਸਟਰ ਤੇ ਕਵਿੱਡ ਮਹਿੰਗੀ ਹੋ ਗਈ ਹੈ। ਜਨਵਰੀ 2019 ਤੋਂ ਤੁਹਾਨੂੰ ਇਹ ਕਾਰਾਂ ਖਰੀਦਣ ਲਈ ਜ਼ਿਆਦਾ ਜੇਬ ਢਿੱਲੀ ਕਰਨੀ ਪਵੇਗੀ। ਰੈਨੋ ਕੰਪਨੀ ਨੇ ਆਪਣੀਆਂ ਕਾਰਾਂ ਦੀਆਂ ਕੀਮਤਾਂ 'ਚ 1.5 ਫੀਸਦੀ ਤਕ ਦਾ ਵਾਧਾ ਕੀਤਾ ਹੈ, ਜੋ ਜਨਵਰੀ 'ਚ ਲਾਗੂ ਹੋ ਜਾਵੇਗਾ। ਕੰਪਨੀ ਨੇ ਕਾਰਾਂ ਦੀਆਂ ਕੀਮਤਾਂ 'ਚ ਵਧਾਉਣ ਪਿੱਛੇ ਇਨਪੁਟ ਲਾਗਤ ਵਧਣ ਤੇ ਵਿਦੇਸ਼ੀ ਕਰੰਸੀ ਦਰਾਂ 'ਚ ਲਗਾਤਾਰ ਹੋ ਰਹੇ ਬਦਲਾਵਾਂ ਨੂੰ ਇਕ ਵਜ੍ਹਾ ਦੇ ਰੂਪ 'ਚ ਪੇਸ਼ ਕੀਤਾ ਹੈ।

ਭਾਰਤ 'ਚ ਕਵਿੱਡ, ਡਸਟਰ, ਕੈਪਚਰ ਤੇ ਐੱਮ. ਪੀ. ਵੀ. ਲੌਜੀ ਰੈਨੋ ਦੀਆਂ ਪਾਪੁਲਰ ਕਾਰਾਂ ਹਨ। ਇਨ੍ਹਾਂ ਦੀ ਕੀਮਤ ਜਨਵਰੀ ਤੋਂ ਡੇਢ ਫੀਸਦੀ ਤਕ ਵਧ ਜਾਵੇਗੀ। ਨਵੇਂ ਸਾਲ 'ਚ ਸਿਰਫ ਰੈਨੋ ਹੀ ਨਹੀਂ ਮਾਰੂਤੀ ਸੁਜ਼ੂਕੀ, ਸਕੋਡਾ, ਈਸੁਜ਼ੂ ਤੇ ਟੋਇਟਾ ਵੀ ਕੀਮਤਾਂ ਵਧਾਉਣ ਜਾ ਰਹੇ ਹਨ।
ਮੌਜੂਦਾ ਸਮੇਂ ਰੈਨੋ ਕਵਿੱਡ ਦੀ ਦਿੱਲੀ 'ਚ ਕੀਮਤ ਤਕਰੀਬਨ 2.70 ਲੱਖ ਰੁਪਏ ਹੈ। ਡਸਟਰ ਦੀ ਕੀਮਤ 7.99 ਲੱਖ ਰੁਪਏ ਤੋਂ ਸ਼ੁਰੂ ਹੈ। ਜਨਵਰੀ 'ਚ ਕਾਰਾਂ ਦੀ ਵਧੀ ਕੀਮਤ ਵਸੂਲਣ ਤੋਂ ਪਹਿਲਾਂ ਕੰਪਨੀ ਦਸੰਬਰ 'ਚ ਡਸਟਰ ਤੋਂ ਲੈ ਕੇ ਕਵਿੱਡ 'ਤੇ ਕੁਝ ਖਾਸ ਫਾਇਦੇ ਦੇ ਰਹੀ ਹੈ। ਉੱਥੇ ਹੀ ਕੰਪਨੀ ਨੇ ਸਾਲ 2019 'ਚ ਨਵੀਆਂ ਕਾਰਾਂ ਲਾਂਚ ਕਰਨ ਦੀ ਵੀ ਯੋਜਨਾ ਬਣਾਈ ਹੈ। ਸਾਲ 2019 ਦੇ ਤਿਉਹਾਰੀ ਸੀਜ਼ਨ 'ਚ ਕਵਿੱਡ ਦਾ ਨਵਾਂ ਮਾਡਲ ਦੇਖਣ ਨੂੰ ਮਿਲ ਸਕਦਾ ਹੈ। ਇਸ ਸਾਲ ਅਗਸਤ 'ਚ ਕੰਪਨੀ ਨੇ ਕਿਹਾ ਸੀ ਕਿ ਉਹ ਹਰ ਸਾਲ ਭਾਰਤ 'ਚ ਇਕ ਨਵਾਂ ਮਾਡਲ ਲਾਂਚ ਕਰੇਗੀ। ਕੰਪਨੀ ਨੇ ਕਿਹਾ ਕਿ ਮੌਜੂਦਾ ਸਮੇਂ ਉਸ ਦਾ ਫੋਕਸ ਸਿਰਫ ਘਰੇਲੂ ਬਾਜ਼ਾਰ 'ਤੇ ਹੈ ਅਤੇ ਬਰਾਮਦ ਵਧਾਉਣ ਦਾ ਫਿਲਹਾਲ ਉਸ ਦਾ ਕੋਈ ਇਰਾਦਾ ਨਹੀਂ ਹੈ।